ਵੋਟਰ ਨੂੰ ਘਰ ਤੋਂ ਬੂਥ ਤਕ ਲਿਜਾਣ ਵਾਲੀ ਕੜੀ ਨੂੰ ਮਜ਼ਬੂਤ ਕਰੇਗੀ ਪਾਰਟੀ : ਭਗਵੰਤ ਮਾਨ

13 January, 2018

ਚੰਡੀਗੜ੍ਹ, 12 ਜਨਵਰੀ (ਸ.ਸ.ਸ.) : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਸੂਬਾ ਪੱਧਰੀ ਬੈਠਕ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਅੱਜ ਚੰਡੀਗੜ੍ਹ ਵਿਚ ਹੋਈ। ਬੈਠਕ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ, ਵਿਧਾਨ ਸਭਾ ਵਿਚ ਉਪ ਨੇਤਾ ਬੀਬੀ ਸਰਬਜੀਤ ਕੌਰ ਸਮੇਤ ਪਾਰਟੀ ਦੇ ਵਿਧਾਇਕ, ਜਿਲਾ ਪ੍ਰਧਾਨਾਂ ਅਤੇ ਸੂਬਾ ਪੱਧਰੀ ਆਗੂਆਂ ਨੇ ਹਿੱਸਾ ਲਿਆ। 'ਆਪ' ਵਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਬੈਠਕ ਵਿਚ ਹਾਜ਼ਰ ਸਮੁੱਚੀ ਲੀਡਰਸ਼ਿਪ ਨੇ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੂੰ ਪੰਜਾਬ ਮਾਮਲਿਆਂ ਦਾ ਇੰਚਾਰਜ ਲਗਾਉਣ 'ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਸਹਿ-ਪ੍ਰਧਾਨ ਅਮਨ ਅਰੋੜਾ ਨੇ ਦਸਿਆ ਕਿ ਮੁਨੀਸ਼ ਸਿਸੋਦੀਆ ਛੇਤੀ ਹੀ ਪੰਜਾਬ ਦੇ ਵਿਧਾਇਕਾਂ, ਸੂਬਾਈ ਆਗੂਆਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਵਨ-ਟੂ-ਵਨ ਫ਼ੀਡਬੈਕ ਬੈਠਕਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੇ ਹਨ। ਇਸ ਮੌਕੇ ਹਾਜ਼ਰ ਸਮੁੱਚੀ ਲੀਡਰਸ਼ਿਪ ਵਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਸਵ. ਸਰਦਾਰਨੀ ਮੋਹਿੰਦਰ ਕੌਰ ਦੇ ਦੇਹਾਂਤ ਉਤੇ ਦੁਖ ਜਤਾਉਂਦਿਆਂ 2 ਮਿੰਟ ਦਾ ਮੌਨ ਰੱਖ ਕੇ ਉਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। 


ਬੈਠਕ ਦੌਰਾਨ ਪਾਰਟੀ ਦੇ ਭਵਿੱਖ ਦੇ ਪ੍ਰੋਗਰਾਮ ਉਤੇ ਚਰਚਾ ਉਪਰੰਤ ਬੂਥ ਅਤੇ ਬਲਾਕ ਪੱਧਰ ਦੀਆਂ ਨਿਯੁਕਤੀਆਂ ਅਤੇ ਸਰਗਰਮੀਆਂ ਬਾਰੇ ਰੂਪ ਰੇਖਾ ਉਲੀਕੀ ਗਈ। ਸੂਬਾ ਪੱਧਰ ਦੇ ਸਾਰੇ ਅਹੁਦੇਦਾਰਾਂ ਨੂੰ ਸ਼ਨਾਖਤੀ ਪੱਤਰ ਦੇਣ ਦਾ ਵੀ ਫ਼ੈਸਲਾ ਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਬੂਥ ਪੱਧਰ ਤਕ ਮਜ਼ਬੂਤੀ ਲਈ ਸੂਬਾ ਪਧਰੀ ਮੁਹਿੰਮਾਂ ਵਿੱਢੀਆਂ ਜਾਣਗੀਆਂ।  ਉਨ੍ਹਾਂ ਕਿਹਾ ਕਿ ਵੋਟਰ ਨੂੰ ਬੂਥ ਤਕ ਲੈ ਕੇ ਜਾਣ ਵਾਲੀ ਕੜੀ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਇਸ ਤਰ੍ਹਾਂ ਦੀਆਂ ਮਹੀਨਾਵਰ ਮੀਟਿੰਗਾਂ ਜ਼ੋਨ, ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਵੱਖ-ਵੱਖ ਮੁੱਦਿਆਂ ਉਤੇ ਮਾਹਰ ਕਮੇਟੀਆਂ ਵੀ ਨਿਯੁਕਤ ਕੀਤੀਆਂ ਜਾਣਗੀਆਂ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬਕਾਇਆ ਰਹਿੰਦੇ ਢਾਂਚੇ ਨੂੰ ਮੈਰਿਟ ਦੇ ਅਧਾਰ ਉਤੇ ਜਲਦੀ ਹੀ ਮੁਕੰਮਲ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਾਰਟੀ ਕਿਸਾਨੀ ਕਰਜ਼ਿਆਂ ਸਮੇਤ ਸੂਬੇ ਦੇ ਭਖਵੇਂ ਮੁੱਦਿਆਂ ਉਤੇ ਜ਼ਮੀਨੀ ਗਤੀਵੀਧਿਆਂ ਵਧਾਵੇਗੀ। ਇਸ ਮੌਕੇ ਸੰਸਦ ਮੈਂਬਰ ਪ੍ਰੌ. ਸਾਧੂ ਸਿੰਘ ਅਤੇ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਵੀ ਸੰਬੋਧਨ ਕੀਤਾ।