'ਉੱਚਾ ਦਰ...' ਦੇ ਸਰਪ੍ਰਸਤ ਮੈਂਬਰ ਸ. ਰਵਨੀਤ ਸਿੰਘ ਗਿੱਲ ਦਾ ਦੇਹਾਂਤ

13 January, 2018

ਲੁਧਿਆਣਾ, 12 ਜਨਵਰੀ  (ਪ.ਪ):  'ਉੱਚਾ ਦਰ ਬਾਬੇ ਨਾਨਕ ਦਾ' ਦੇ ਸਰਪ੍ਰਸਤ ਮੈਂਬਰ ਸ. ਰਵਨੀਤ ਸਿੰਘ ਗਿੱਲ (ਪ੍ਰਿੰਸ) ਅਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ। ਉਨ੍ਹਾਂ ਅਪਣੀ ਵਿਦਿਅਕ ਯੋਗਤਾ ਪੂਰੀ ਕਰਨ ਉਪਰੰਤ ਅਗਲੀ ਉਚ ਸਿਖਿਆ ਵਿਦੇਸ਼ ਤੋਂ ਪ੍ਰਾਪਤ ਕਰਨ ਦਾ ਫ਼ੈਸਲਾ ਲਿਆ ਜਿਸ ਵਿਚ ਉਨ੍ਹਾਂ ਦੇ ਪਿਤਾ ਸ. ਹਰਪਾਲ ਸਿੰਘ ਅਤੇ ਸਾਰੇ ਪਰਵਾਰਕ ਮੈਂਬਰਾਂ ਨੇ ਅਪਣੇ ਬੇਟੇ ਨੂੰ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਭੇਜ ਦਿਤਾ। ਉਥੇ ਉਨ੍ਹਾਂ ਅਪਣੀ ਪੜ੍ਹਾਈ ਦੇ ਤਿੰਨ ਸਾਲ ਪੂਰੇ ਕਰ ਲਏ ਸਨ ਅਤੇ ਵਧੀਆ ਨੌਕਰੀ ਉਸ ਦਾ ਇੰਤਜ਼ਾਰ ਕਰ ਰਹੀ ਹੈ ਪਰ ਉਹ 25 ਦਸੰਬਰ 2017 ਨੂੰ ਅਚਾਨਕ ਵਾਪਰੀ ਸਮੁੰਦਰੀ ਘਟਨਾ ਵਿਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਇਸ ਵਿਛੋੜੇ ਨਾਲ ਸਪੋਕਸਮੈਨ ਪਰਵਾਰ ਅਤੇ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰਾਂ ਵਿਚ ਸੋਗ ਦੀ ਲਹਿਰ ਪੈਦਾ ਹੋ ਗਈ। 


ਇਸ ਘਟਨਾ ਦਾ ਪਤਾ ਲੱਗਣ 'ਤੇ ਬੀਬੀ ਨਿਰਮਲ ਕੌਰ ਡਾਇਰੈਕਟਰ ਰੋਜ਼ਾਨਾ ਸਪੋਕਸਮੈਨ ਨੇ ਉਨ੍ਹਾਂ ਦੇ ਗ੍ਰਹਿ ਜਾ ਕੇ ਪਰਵਾਰ ਨਾਲ ਦੁਖ ਸਾਂਝਾ ਕੀਤਾ ਅਤੇ ਉੁਨ੍ਹਾਂ 'ਉੱਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰਾਂ ਅਤੇ ਸਪੋਕਸਮੈਨ ਪਰਵਾਰ ਨੂੰ ਅੰਤਮ ਅਰਦਾਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸ. ਰਵਨੀਤ ਸਿੰਘ ਗਿੱਲ (ਪ੍ਰਿੰਸ) ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ 14 ਜਨਵਰੀ 2018, ਦਿਨ ਐਤਵਾਰ ਨੂੰ ਦੁਪਹਿਰ 12:00 ਤੋਂ 2:00 ਵਜੇ ਤਕ ਗੁਰਦੁਆਰਾ ਸਟੇਸ਼ਨ ਰੋਡ, ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ ਵਿਖੇ ਪਾਏ ਜਾਣਗੇ।