ਤਿਕੋਣੀ ਲੜੀ : ਭਾਰਤ ਅੱਗੇ ਲੰਕਾ ਢੇਰ, ਛੇ ਵਿਕਟਾਂ ਨਾਲ ਦਿਤੀ ਮਾਤ

13 March, 2018

ਕੋਲੰਬੋ : ਸ੍ਰੀਲੰਕਾ ਵਿਚ ਖੇਡੀ ਜਾ ਰਹੀ ਤਿਕੋਣੀ ਲੜੀ ਦਾ ਪੰਜਵਾਂ ਮੈਚ ਭਾਰਤ ਤੇ ਮੇਜ਼ਬਾਨ ਟੀਮ ਵਿਚਕਾਰ ਖੇਡਿਆ ਗਿਆ। ਇਸ ਮੈਚ ਵਿਚ ਮਨੀਸ਼ ਪਾਂਡੇ (ਅਜੇਤੂ 42) ਤੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ (ਅਜੇਤੂ 39) ਵਿਚਾਲੇ 5ਵੀਂ ਵਿਕਟ ਲਈ ਹੋਈ 68 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਤਿਕੋਣੀ ਟੀ-20 ਲੜੀ ਨਿਦਹਾਸ ਟਰਾਫੀ ਦੇ ਮੀਂਹ ਪ੍ਰਭਾਵਿਤ ਮੈਚ ਵਿਚ ਸੋਮਵਾਰ ਨੂੰ ਮੇਜ਼ਬਾਨ ਸ੍ਰੀਲੰਕਾ ਨੂੰ 9 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕਰ ਲਿਆ।
ਸ੍ਰੀਲੰਕਾ ਵਲੋਂ ਮਿਲੇ 152 ਦੌੜਾਂ ਦੇ ਟੀਚੇ ਨੂੰ ਭਾਰਤ ਨੇ 4 ਵਿਕਟਾਂ 'ਤੇ 153 ਦੌੜਾਂ ਬਣਾ ਕੇ ਰੋਮਾਂਚਕ ਜਿੱਤ ਦਰਜ ਕਰ ਲਈ।ਭਾਰਤ ਦੀ ਤਿੰਨ ਮੈਚਾਂ ਵਿਚ ਇਹ ਦੂਜੀ ਜਿੱਤ ਹੈ ਤੇ ਉਹ ਚਾਰ ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਿਆ ਹੈ। ਇਸ ਜਿੱਤ ਦੇ ਨਾਲ ਹੀ ਭਾਰਤ ਦੀ ਫ਼ਾਈਨਲ ਵਿਚ ਪਹੁੰਚਣ ਦੀ ਸੰਭਾਵਨਾ ਵਧ ਗਈ ਹੈ। ਮੇਜ਼ਬਾਨ ਸ੍ਰੀਲੰਕਾ ਤਿੰਨ ਮੈਚਾਂ ਵਿਚੋਂ ਇਕ ਜਿੱਤ ਤੇ ਦੋ ਹਾਰਾਂ ਨਾਲ ਦੋ ਅੰਕ ਲੈ ਕੇ ਦੂਜੇ ਤੇ ਬੰਗਲਾ ਦੇਸ਼ ਦੋ ਮੈਚਾਂ ਵਿਚੋਂ ਇਕ ਜਿੱਤ ਤੇ ਇਕ ਹਾਰ ਨਾਲ ਦੋ ਅੰਕਾਂ ਦੀ ਬਦੌਲਤ ਤੀਜੇ ਸਥਾਨ 'ਤੇ ਹੈ।ਭਾਰਤ ਨੇ ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੈਚ ਵਿਚ ਓਵਰਾਂ ਦੀ ਗਿਣਤੀ ਵਿਚ ਇਕ-ਇਕ ਓਵਰ ਦੀ ਕਟੌਤੀ ਕੀਤੀ ਗਈ। ਭਾਰਤ ਨੇ ਟੀਮ ਵਿਚ ਇਕ ਬਦਲਾਅ ਕਰਦਿਆਂ ਲੋਕੇਸ਼ ਰਾਹੁਲ ਨੂੰ ਰਿਸ਼ਭ ਪੰਤ ਦੀ ਜਗ੍ਹਾ ਆਖ਼ਰੀ-11 ਵਿਚ ਸ਼ਾਮਲ ਕੀਤਾ। ਸ੍ਰੀਲੰਕਾ ਨੇ ਓਪਨਰ ਕੁਸ਼ਲ ਮੈਂਡਿਸ ਦੀ 38 ਗੇਂਦਾਂ 'ਤੇ 3 ਚੌਕਿਆਂ ਤੇ 3 ਛਿੱਕਿਆਂ ਨਾਲ ਸਜੀ 55 ਦੌੜਾਂ ਦੀ ਪਾਰੀ ਨਾਲ ਇਕ ਸਮੇਂ ਦੋ ਵਿਕਟਾਂ 'ਤੇ 96 ਦੌੜਾਂ ਬਣਾ ਲਈਆਂ ਸਨ ਪਰ ਮੇਜ਼ਬਾਨ ਨੇ ਫਿਰ 24 ਦੌੜਾਂ ਦੇ ਫ਼ਰਕ 'ਤੇ 4 ਵਿਕਟਾਂ ਗੁਆਈਆਂ ਤੇ 15ਵੇਂ ਓਵਰ ਵਿਚ ਉਸ ਦਾ ਸਕੋਰ 6 ਵਿਕਟਾਂ 'ਤੇ 120 ਦੌੜਾਂ ਹੋ ਗਿਆ। ਮੈਂਡਿਸ ਛੇਵੀਂ ਵਿਕਟ ਦੇ ਰੂਪ ਵਿਚ ਆਊਟ ਹੋਇਆ। ਮੈਂਡਿਸ ਨੂੰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਆਊਟ ਕੀਤਾ।ਸ਼ਾਰਦੁਲ ਠਾਕੁਰ ਨੇ ਓਪਨਰ ਦਾਨੁਸ਼ਕ ਗੁਣਾਥਿਲਾਕਾ (17) ਤੇ ਕਪਤਾਨ ਤਿਸ਼ਾਰਾ ਪਰੇਰਾ (15) ਦੀਆਂ ਵਿਕਟਾਂ ਲਈਆਂ ਜਦਕਿ ਸੁੰਦਰ ਨੇ ਕੁਸ਼ਲ ਪਰੇਰਾ (3) ਤੇ ਜੀਵਨ ਮੈਂਡਿਸ (1) ਨੂੰ ਆਊਟ ਕੀਤਾ। ਦਾਸੁਨ ਸ਼ਨਾਕਾ (19) ਨੇ ਫਿਰ ਕੁੱਝ ਚੰਗੇ ਸ਼ਾਟ ਖੇਡੇ ਪਰ ਠਾਕੁਰ ਨੇ ਆਖ਼ਰੀ ਓਵਰ ਵਿਚ ਦੋ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 152 ਦੌੜਾਂ 'ਤੇ ਰੋਕ ਲਿਆ। ਜੈਦੇਵ ਉਨਾਦਕਤ, ਚਾਹਲ ਤੇ ਵਿਜੇ ਸ਼ੰਕਰ ਨੂੰ ਇਕ-ਇਕ ਵਿਕਟ ਮਿਲੀ।