ਸਿੱਖ ਕਤਲੇਆਮ: 186 ਮਾਮਲਿਆਂ ਦੀ ਜਾਂਚ 'ਤੇ ਨਿਗਰਾਨੀ ਲਈ ਬਣੀ ਕਮੇਟੀ

12 January, 2018

ਨਵੀਂ ਦਿੱਲੀ, 11 ਜਨਵਰੀ: ਸੁਪਰੀਮ ਕੋਰਟ ਨੇ ਅੱਜ ਸਿੱਖ ਕਤਲੇਆਮ ਦੇ 186 ਮਾਮਲਿਆਂ ਦੀ ਜਾਂਚ ਦੀ ਨਿਗਰਾਨੀ ਲਈ ਦਿੱਲੀ ਹਾਈ ਕੋਰਟ ਦੇ ਸਾਬਕਾ ਜਸਟਿਸ ਐਸਐਨ ਢੀਂਗਰਾ ਦੀ ਪ੍ਰਧਾਨਗੀ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਹ ਟੀਮ ਦੋ ਮਹੀਨਿਆਂ ਵਿਚ ਸਥਿਤੀ ਰੀਪੋਰਟ ਸੁਪਰੀਮ ਕੋਰਟ ਵਿਚ ਪੇਸ਼ ਕਰੇਗੀ। ਇਸ ਮਾਮਲੇ ਵਿਚ ਅਗਲੀ ਸੁਣਵਾਈ 19 ਮਾਰਚ ਨੂੰ ਹੋਵੇਗੀ। ਇਸ ਟੀਮ ਵਿਚ ਜਸਟਿਸ ਢੀਂਗਰਾ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਕੈਡਰ ਦੇ 2006 ਬੈਚ ਦੇ ਆਈਪੀਐਸ ਅਧਿਕਾਰੀ ਅਭਿਸ਼ੇਕ ਦੁਲਾਰ ਅਤੇ ਡੀਜੀਪੀ ਰੈਂਕ ਦੇ ਸੇਵਾਮੁਕਤ ਅਧਿਕਾਰੀ ਰਾਜਦੀਪ ਸਿੰਘ ਸ਼ਾਮਲ ਹਨ। ਸੁਪਰੀਮ ਕੋਰਟ ਨੇ ਇਹ ਨਾਂਅ ਉਸ ਸਮੇਂ ਤੈਅ ਕੀਤੇ


 ਜਦ ਗ੍ਰਹਿ ਮੰਤਰਾਲੇ ਅਤੇ ਪਟੀਸ਼ਨਕਰਤਾਵਾਂ ਦੇ ਵਕੀਲ ਜੀਐਸ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਨੇ ਨਵੀਂ ਜਾਂਚ ਟੀਮ ਵਿਚ ਨਿਯੁਕਤੀ ਦੇ ਸਬੰਧੀ ਆਮ ਸਹਿਮਤੀ ਬਣਾਈ ਹੈ। ਸੁਪਰੀਮ ਕੋਰਟ ਨੇ ਕਲ ਕਿਹਾ ਸੀ ਕਿ ਪਿਛਲੀ ਜਾਂਚ ਟੀਮ ਨੇ ਉਨ੍ਹਾਂ 186 ਮਾਮਲਿਆਂ ਵਿਚ ਅੱਗੇ ਦੀ ਜਾਂਚ ਨਹੀਂ ਕੀਤੀ ਜਿਨ੍ਹਾਂ ਵਿਚ ਮਾਮਲਾ ਬੰਦ ਕਰਨ ਦੀ ਰੀਪੋਰਟ ਦਾਇਰ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ 31 ਅਕਤੂਬਰ 1984 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਰਾਜਧਾਨੀ ਦਿੱਲੀ ਸਮੇਤ ਸਾਰੇ ਦੇਸ਼ ਵਿਚ ਸਿੱਖ ਕਤਲੇਆਮ ਹੋਇਆ ਸੀ ਜਿਨ੍ਹਾਂ ਵਿਚ ਸਿਰਫ਼ ਦਿੱਲੀ ਵਿਚ ਹੀ 2733 ਲੋਕਾਂ ਦੀ ਮੌਤ ਹੋਈ ਸੀ।  (ਪੀ.ਟੀ.ਆਈ.)