ਸਰਕਾਰ ਦੀ ਨੀਤੀ ਵਿਰੁਧ ਦਲਿਤਾਂ ਦਾ ਵਿਧਾਨ ਸਭਾ ਵਲ ਮਾਰਚ

14 March, 2018

ਐਸ.ਏ.ਐਸ.ਨਗਰ, 13 ਮਾਰਚ (ਕੁਲਦੀਪ ਸਿੰਘ): ਐਸ.ਸੀ.ਬੀ.ਸੀ. ਇੰਪਲਾਈਜ਼ ਫ਼ੈਡਰੇਸਨ ਪੰਜਾਬ ਅਤੇ ਅੰਬੇਦਕਰ ਮਿਸ਼ਨ ਕਲੱਬ ਪੰਜਾਬ ਦੀ ਅਗਵਾਈ ਹੇਠ ਵੱਡੀ ਗਿਣਤੀ ਗਜਟਿਡ ਅਤੇ ਨਾਨ ਗਜਟਿਡ ਕਰਮਚਾਰੀਆਂ ਨੇ ਦੁਸਹਿਰਾ ਗਰਾਊਂਡ ਮੋਹਾਲੀ ਵਿਖੇ ਰੋਸ ਰੈਲੀ ਉਪਰੰਤ ਵਿਧਾਨ ਸਭਾ ਵਲ ਮਾਰਚ ਕੀਤਾ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਰੈਲੀ 'ਚ ਪਹੁੰਚ ਕੇ ਦਲਿਤਾਂ ਦੀ ਮੰਗਾਂ ਦਾ ਸਮਰਥਨ ਕੀਤਾ। ਰੈਲੀ ਤੋਂ ਬਾਅਦ ਫ਼ੈਡਰੇਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਪਾਲ ਦੀ ਅਗਵਾਈ ਹੇਠ ਵਿਧਾਨ ਸਭਾ ਵਲ ਮਾਰਚ ਕੀਤਾ ਗਿਆ। ਚੰਡੀਗੜ੍ਹ ਦੇ ਪ੍ਰਵੇਸ਼ ਦੁਆਰ 'ਤੇ (ਵਾਈ.ਪੀ.ਐਸ. ਨੇੜੇ) ਵੱਡੀ ਗਿਣਤੀ 'ਚ ਚੰਡੀਗੜ੍ਹ ਪੁਲਿਸ ਨੇ ਬੈਰੀਗੇਟ ਅਤੇ ਜਲ ਤੋਪਾਂ ਬੀੜ ਕੇ ਮੁਜ਼ਾਹਰਾਕਾਰੀਆਂ ਨੂੰ ਰੋਕ ਲਿਆ। ਧਰਨਾਕਾਰੀਆਂ ਨੇ ਇਥੇ ਹੀ ਸੜਕ 'ਤੇ ਬੈਠ ਕੇ ਧਰਨਾ ਦਿਤਾ ਅਤੇ ਪੰਜਾਬ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜਸਬੀਰ ਪਾਲ ਨੇ ਮੰਗ ਕੀਤੀ ਕਿ ਪੰਜਾਬ ਦੀ 85ਵੀਂ ਸੰਵੀਧਾਨਕ ਸੋਧ ਜੂਨ 1985 ਤੋਂ ਲਾਗੂ ਕੀਤੀ ਜਾਵੇ, ਦਲਿਤ  ਵਿਰੋਧੀ  ਅਕਤੂਬਰ 2014 ਦਾ ਪੱਤਰ ਤੁਰਤ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਬਾਦੀ ਅਨੁਸਾਰ ਐਸ.ਸੀ. ਲਈ 38 ਫ਼ੀ ਸਦੀ ਅਤੇ ਬੀ.ਸੀ. ਲਈ 17 ਫ਼ੀ ਸਦੀ ਕੁਲ ਬਜਟ ਦਾ 55 ਫ਼ੀ ਸਦੀ ਅਲਾਟਮੈਂਟ ਭਲਾਈ ਸਕੀਮਾਂ 'ਤੇ ਖ਼ਰਚ ਕਰਨ, ਸਿਖਿਆ ਵਿਭਾਗ ਦੀ ਤਬਾਦਲਾ ਅਤੇ ਸਿਖਿਆ ਨੀਤੀ ਤੁਰਤ ਰੱਦ ਕਰਨ ਆਦਿ ਦੀ ਮੰਗ ਕੀਤੀ।


ਇਸ ਮੌਕੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਫ਼ੈਡਰੇਸ਼ਨ ਦੀਆਂ ਮੰਗਾਂ ਦਾ ਸਮਰਥਨ ਕਰਦਿਆਂ ਕੈਪਟਨ ਸਰਕਾਰ ਦੀ ਦਲਿਤ ਮਜ਼ਦੂਰ ਅਤੇ ਅਧਿਆਪਕਾਂ ਵਿਰੋਧੀ ਨੀਤੀਆਂ ਦੀ ਸਖ਼ਤ ਅਲੋਚਨ ਕਰਦਿਆਂ ਮਾਮਲਾ ਵਿਧਾਨ ਸਭਾ ਵਿਚ ਚੁਕਣ ਦਾ ਐਲਾਨ ਕੀਤਾ। ਉਨ੍ਹਾਂ ਸਮੂਹ ਮਜ਼ਦੂਰ ਜਮਾਤ ਨੂੰ ਮੁੰਬਈ ਦੇ ਕਿਸਾਨ ਮੋਰਚੇ ਤੋਂ ਸੇਧ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਵੱਖ ਵੱਖ ਵਰਗਾਂ ਵਿਚ ਵੰਡ ਕੇ ਸੰਘਰਸ਼ ਕਰਨ ਦੀ ਬਜਾਏ ਇਕੱਠੇ ਮੋਰਚਾ ਬਣਾ ਕੇ  ਸਰਕਾਰ 'ਤੇ ਹੱਲਾ ਬੋਲਿਆ ਜਾਵੇ। ਜਸਬੀਰ ਪਾਲ ਅਤੇ ਬਲਰਾਜ ਕੁਮਾਰ ਨੇ ਮੁੱਖ ਮੰਤਰੀ ਨੂੰ ਚੋਣ ਵਾਅਦੇ ਯਾਦ ਕਰਵਾਉਂਦਿਆਂ ਸਮਾਜ ਦੇ ਸੰਵਿਧਾਨਿਕ ਮਸਲਿਆਂ ਨੂੰ ਤੁਰਤ ਹੱਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਜਗਦੀਪ ਸਿੰਘ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ 15 ਮਾਰਚ ਨੂੰ ਚੀਫ਼ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਦਾ ਐਲਾਨ ਕੀਤਾ। ਰੈਲੀ  ਨੂੰ ਮਲਕੀਤ ਸਿੰਘ, ਰਜਿੰਦਰ ਮੈਣੀ, ਕੁਲਵਿੰਦਰ ਸਿੰਘ, ਦਵਿੰਦਰ ਸਿੰਘ, ਹਰਮੇਸ਼ ਗੁਰੂ, ਹਰਦੀਪ ਸਿੰਘ, ਚਰਨ ਸਿੰਘ, ਸਲਵਿੰਦਰ ਸਿੰਘ, ਗੁਰਬਖਸ਼ ਸਿੰਘ, ਸਤਵੰਤ ਭੂਰਾ, ਮਹਿੰਦਰ ਸਿੰਘ, ਸੁਭਾਸ਼ ਚੰਦਰ, ਸੁਖਦੇਵ ਸਿੰਘ, ਰੇਸ਼ਮ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ ਧੂਗਾ, ਹੈਡਮਾਸਟਰ ਲਖਬੀਰ ਸਿੰਘ, ਸਤਨਾਮ ਸਿੰਘ, ਸਵਰਣ ਸਿੰਘ, ਸੁਖਵਿੰਦਰ ਸਿੰਘ, ਕ੍ਰਿਸ਼ਨ ਲਾਲ, ਵਿਜੈ ਰਾਣਾ, ਪਰਮਜੀਤ ਜੌੜਾ, ਪ੍ਰਿੰਸੀਪਲ ਰਾਮ ਆਸਰਾ, ਹਰਮੇਸ਼ ਰਾਹੀ, ਹਰਮੇਸ਼ ਸਿੰਘ ਖੇੜਾ, ਪਿੰੰਸੀਪਲ ਸੁਰਜੀਤ ਰਾਮ, ਸ਼ੇਰ ਸਿੰਘ, ਰਣਜੀਤ ਲੱਧੜ ਅਤੇ ਡਾ. ਮਨਜੀਤ ਸਿੰਘ ਹਲਵਾਰਾ ਨੇ ਵੀ ਸੰਬੋਧਨ ਕੀਤਾ।