ਰਾਤ ਦੇ ਖਾਣੇ ਜ਼ਰੀਏ ਵਿਰੋਧੀ ਪਾਰਟੀਆਂ ਦੀ ਲਾਮਬੰਦੀ

13 March, 2018

ਸੋਨੀਆ ਦੇ 'ਸਿਆਸੀ ਡਿਨਰ' ਵਿਚ ਪੁੱਜੇ 20 ਪਾਰਟੀਆਂ ਦੇ ਆਗੂ
ਨਵੀਂ ਦਿੱਲੀ, 12 ਮਾਰਚ: ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਵਿਰੋਧੀ ਧਿਰ ਨੂੰ ਇਕਜੁਟ ਕਰਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਤਿਆਰ ਕਰਨ ਦੇ ਕਿਆਸਿਆਂ ਵਿਚਕਾਰ ਅੱਜ ਸੋਨੀਆ ਗਾਂਧੀ ਦੇ ਘਰ ਵਿਰੋਧੀ ਧਿਰ ਦੇ ਆਗੂ ਰਾਤ ਦੇ ਖਾਣੇ 'ਤੇ ਇਕੱਠੇ ਹੋਏ। ਸੋਨੀਆ ਗਾਂਧੀ ਵਲੋਂ ਰਾਤ ਦੇ ਖਾਣੇ ਦਾ ਸੱਦਾ ਭੇਜੇ ਜਾਣ 'ਤੇ ਉਨ੍ਹਾਂ ਦੇ ਮੁੜ ਸਿਆਸਤ 'ਚ ਸਰਗਰਮ ਹੋਣ ਦੀਆਂ ਚਰਚਾਵਾਂ ਵੀ ਹਨ।ਰਾਤ ਦੇ ਖਾਣੇ ਦਾ ਸੱਦਾ ਲਗਭਗ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਦਿਤਾ ਗਿਆ ਸੀ। ਖਾਣੇ 'ਤੇ ਪਹੁੰਚਣ ਵਾਲੇ ਪ੍ਰਮੁੱਖ ਆਗੂਆਂ 'ਚ ਆਰ.ਜੇ.ਡੀ. ਦੇ ਤੇਜਸਵੀ ਯਾਦਵ ਅਤੇ ਐਨ.ਸੀ.ਪੀ. ਦੇ ਸ਼ਰਦ ਪਵਾਰ ਸ਼ਾਮਲ ਸਨ  ਹਾਲਾਂਕਿ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਖ਼ੁਦ ਹਾਜ਼ਰ ਨਹੀਂ ਸਨ ਪਰ ਉਨ੍ਹਾਂ ਅਪਣੇ ਵਲੋਂ ਅਪਣੀ ਪਾਰਟੀ ਦੇ ਆਗੂਆਂ ਨੂੰ ਭੇਜਿਆ। ਮਾਇਆਵਤੀ ਵਲੋਂ ਉਨ੍ਹਾਂ ਦੀ ਪਾਰਟੀ ਦੇ ਆਗੂ ਸਤੀਸ਼ ਮਿਸ਼ਰਾ ਹਾਜ਼ਰ ਹੋਏ ਜਦਕਿ ਤ੍ਰਿਣਮੂਲ ਕਾਂਗਰਸ ਦੇ ਸੁਦੀਪ ਬੰਧੋਪਾਧਿਆਏ ਹਾਜ਼ਰ ਹੋਏ। ਡੀ.ਐਮ.ਕੇ. ਆਗੂ ਕਨੀਮੋਝੀ, ਪਿਛਲੇ ਸਾਲ ਐਨ.ਡੀ.ਏ. ਛੱਡਣ ਵਾਲੇ ਜੀਤਨ ਰਾਮ ਮਾਂਝੀ, ਨੈਸ਼ਨਲ ਕਾਨਫ਼ਰੰਸ ਲੀਡਰ ਓਮਰ ਅਬਦੁੱਲਾ, ਸ਼ਰਦ ਯਾਦਵ, ਝਾਰਖੰਡ ਮੁਕਤੀ ਮੋਰਚਾ ਦੇ ਹੇਮੰਤ ਸੋਰੇਨ ਵੀ ਡਿਨਰ ਪਾਰਟੀ 'ਚ ਸ਼ਾਮਲ ਹੋਏ। ਸੋਨੀਆ ਨੇ ਇਸ ਡਿਨਰ ਲਈ 20 ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿਤਾ ਸੀ ਜਿਨ੍ਹਾਂ 'ਚ ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣਮੂਲ ਕਾਂਗਰਸ, ਸੀ.ਪੀ.ਐਮÊ, ਸੀ.ਪੀ.ਆਈ., ਡੀ.ਐਮ.ਕੇ., ਜੇ.ਐਮ.ਐਮ., ਹਿੰਦੁਸਤਾਨੀ ਅਵਾਮ ਮੋਰਚਾ, ਆਰ.ਜੇ.ਡੀ., ਜੇ.ਡੀ.ਐਸ., ਕੇਰਲ ਕਾਂਗਰਸ, ਇੰਡੀਅਨ ਯੂਨੀਅਨ ਮੁਸਲਿਮ ਲੀਗ, ਆਰ.ਐਸ.ਪੀ., ਐਨ.ਸੀ.ਪੀ., ਨੈਸ਼ਨਲ ਕਾਨਫ਼ਰੰਸ, ਏ.ਆਈ.ਯੂ.ਡੀ.ਐਫ਼., ਆਰ.ਐਲ.ਡੀ. ਸ਼ਾਮਲ ਸਨ। ਜਿਨ੍ਹਾਂ ਨੂੰ ਸੱਦਾ ਨਹੀਂ ਭੇਜਿਆ ਗਿਆ ਸੀ, ਉਨ੍ਹਾਂ 'ਚ ਟੀ.ਆਰ.ਐਸ., ਬੀਜੂ ਜਨਤਾ ਦਲ ਅਤੇ ਤੇਲਗੂਦੇਸ਼ਮ ਪਾਰਟੀ ਸ਼ਾਮਲ ਹਨ।


ਸੋਨੀਆ ਇਸ ਡਿਨਰ ਡਿਪਲੋਮੈਸੀ ਜ਼ਰੀਏ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣਾ ਚਾਹੁੰਦੀ ਹੈ। ਵਿਰੋਧੀ ਆਗੂਆਂ ਨੂੰ ਖਾਣੇ 'ਤੇ ਸੱਦ ਕੇ ਸੋਨੀਆ ਇਹ ਵੀ ਸਾਬਤ ਕਰਨਾ ਚਾਹੁੰਦੀ ਹੈ ਕਿ ਮੋਦੀ ਦੇ ਬਦਲ ਦੇ ਤੌਰ 'ਤੇ ਬਣਨ ਵਾਲੇ ਗਠੋੜ ਦੀ ਅਗਵਾਈ ਕਾਂਗਰਸ ਕੋਲ ਹੀ ਹੋਵੇਗੀ। ਸੋਨੀਆ ਗਾਂਧੀ ਨੇ ਭਾਜਪਾ ਨੂੰ 2019 'ਚ ਸੱਤਾ ਤੋਂ ਬਾਹਰ ਰੱਖਣ ਲਈ ਵਿਰੋਧੀ ਪਾਰਟੀਆਂ ਨੂੰ ਛੋਟੇ ਛੋਟੇ ਝਗੜੇ ਖ਼ਤਮ ਕਰ ਕੇ ਇਕਜੁਟ ਹੋਣ ਦਾ ਸੱਦਾ ਦਿਤਾ ਸੀ। ਪਿੱਛੇ ਜਿਹੇ ਉਨ੍ਹਾਂ ਨਰਿੰਦਰ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਦਿਆਂ ਕਿਹਾ ਸੀ ਕਿ ਅੱਛੇ ਦਿਨਾਂ ਦਾ ਹਾਲ ਵੀ ਇੰਡੀਆ ਸ਼ਾਈਨਿੰਗ ਵਰਗਾ ਹੋਵੇਗਾ ਅਤੇ 2019 'ਚ ਕਾਂਗਰਸ ਵਾਪਸੀ ਕਰੇਗੀ। ਉਨ੍ਹਾਂ ਕੇਂਦਰ ਸਰਕਾਰ 'ਤੇ ਵੱਡਾ ਹਮਲਾ ਕਰਦਿਆਂ ਇਕ ਟੈਲੀਵਿਜ਼ਨ ਪ੍ਰੋਗਰਾਮ 'ਚ ਕਿਹਾ ਸੀ ਕਿ ਉਹ ਭਾਜਪਾ ਨੂੰ ਮੁੜ ਸੱਤਾ 'ਚ ਨਹੀਂ ਆਉਣ ਦੇਣਗੇ।ਹਾਲਾਂਕਿ ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਹੈ ਕਿ ਸੋਨੀਆ ਗਾਂਧੀ ਵਲੋਂ ਦਿਤਾ ਗਿਆ ਡਿਨਰ ਦਾ ਸੱਦਾ ਸਿਆਸਤ ਦੇ ਪੈਂਤੜੇ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ ਹੈ ਅਤੇ ਇਹ ਪਾਰਟੀਆਂ ਵਿਚਕਾਰ ਦੋਸਤਾਨਾ ਸਬੰਧ ਕਾਇਮ ਕਰਨ ਅਤੇ ਬਿਹਤਰ ਸੰਵਾਦ ਲਈ ਦਿਤਾ ਗਿਆ ਹੈ।  (ਏਜੰਸੀਆਂ)