ਰਾਹੁਲ ਦਾ ਮੰਦਰਾਂ 'ਚ ਜਾਣਾ ਹਿੰਦੂਤਵ ਦੀ ਜਿੱਤ : ਸ਼ਿਵ ਸੈਨਾ

06 December, 2017

ਮੁੰਬਈ, 6 ਦਸੰਬਰ: ਸ਼ਿਵ ਸੈਨਾ ਨੇ ਅੱਜ ਕਿਹਾ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਇਕ ਨੇਤਾ 'ਚ ਤਬਦੀਲ ਕਰ ਦਿਤਾ ਹੈ ਅਤੇ ਮੰਦਰਾਂ 'ਚ ਉਨ੍ਹਾਂ ਦਾ ਜਾਣਾ ਹਿੰਦੂਤਵ ਦੀ ਜਿੱਤ ਹੈ।
ਰਾਹੁਲ ਗਾਂਧੀ ਗੁਜਰਾਤ 'ਚ ਵਿਆਪਕ ਪੱਧਰ 'ਤੇ ਚੋਣ ਪ੍ਰਚਾਰ ਕਰ ਰਹੇ ਹਨ। ਸੂਬੇ 'ਚ 9 ਦਸੰਬਰ ਨੂੰ ਪਹਿਲੇ ਗੇੜ ਲਈ ਵੋਟਾਂ ਪੈਣੀਆਂ ਹਨ। ਰਾਹੁਲ ਗਾਂਧੀ ਨੇ ਚੋਣ ਪ੍ਰਚਾਰ ਮੁਹਿੰਮ ਦੌਰਾਨ ਗੁਜਰਾਤ 'ਚ ਕਈ ਮੰਦਰਾਂ ਦਾ ਦੌਰਾ ਵੀ ਕੀਤਾ ਸੀ।\ਸ਼ਿਵ ਸੈਨਾ ਨੇ ਅਪਣੇ ਅਖ਼ਬਾਰ ਸਾਮਨਾ 'ਚ ਲਿਖੇ ਸੰਪਾਦਕੀ 'ਚ ਕਿਹਾ, ''ਜਿਨ੍ਹਾਂ ਚੋਣਾਂ 'ਚ ਭਾਜਪਾ ਅਪਣੀ ਜਿੱਤ ਯਕੀਨੀ ਮੰਨ ਰਹੀ ਹੈ ਉਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੱਕੇ ਹੋਏ ਦਿਸ ਰਹੇ ਹਨ ਅਤੇ ਇਨ੍ਹਾਂ ਚੋਣਾਂ ਨੇ ਰਾਹੁਲ ਗਾਂਧੀ ਨੂੰ ਇਕ ਨੇਤਾ 'ਚ ਬਦਲ ਦਿਤਾ ਹੈ।''


ਭਾਜਪਾ ਦੀ ਸਹਿਯੋਗੀ ਪਾਰਟੀ ਨੇ ਕਿਹਾ ਕਿ ਚੋਣਾਂ ਨੇ ਸਾਬਤ ਕੀਤਾ ਹੈ ਕਿ ਰਾਹੁਲ ਗਾਂਧੀ ਹੁਣ ਪੱਪੂ ਨਹੀਂ ਰਹੇ। ਭਾਜਪਾ ਨੂੰ ਵੱਡੇ ਮਨ ਨਾਲ ਇਹ ਮੰਨਣਾ ਚਾਹੀਦਾ ਹੈ। ਉਸ ਨੇ ਕਿਹਾ, ''ਰਾਹੁਲ ਗਾਂਧੀ ਮੰਦਰ ਗਏ ਅਤੇ ਪੂਜਾ ਕੀਤੀ। ਭਾਜਪਾ ਇਸ ਤੋਂ ਗੁੱਸੇ 'ਚ ਹੈ। ਰਾਹੁਲ ਗਾਂਧੀ ਮੰਦਰ ਗਏ ਤਾਂ ਇਸ ਦਾ ਸਵਾਗਤ ਹੋਣਾ ਚਾਹੀਦਾ ਹੈ। ਉਨ੍ਹਾਂ ਦਾ ਮੰਦਰ ਜਾਣਾ ਇਕ ਤਰ੍ਹਾਂ ਹਿੰਦੂਤਵਵਾਦ ਦੀ ਜਿੱਤ ਹੈ। ਜਦੋਂ ਰਾਹੁਲ ਗਾਂਧੀ ਕਾਂਗਰਸ ਨੂੰ ਦਿਖਾਵਟੀ ਧਰਮਨਿਰਪੱਖਤਾ ਤੋਂ ਨਰਮ ਹਿੰਦੂਤਵ ਵਲ ਲਿਜਾ ਰਹੇ ਹਨ ਤਾਂ ਸੰਘ ਪ੍ਰਵਾਰ ਨੂੰ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ।'' ਰਾਹੁਲ ਦੇ ਕਾਂਗਰਸ ਪ੍ਰਧਾਨ ਬਣਨ ਦੀ ਤਿਆਰੀ ਨੂੰ ਔਰੰਗਜ਼ੇਬ ਦਾ ਰਾਜ ਕਰਾਰ ਦਿਤੇ ਜਾਣ ਬਾਬਤ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਨੂੰ ਲੈ ਕੇ ਸ਼ਿਵ ਸੈਨਾ ਨੇ ਟਿਪਣੀ ਕੀਤੀ।
(ਪੀ.ਟੀ.ਆਈ.)