ਪੁੱਤਰ ਜੰਮਣ ਦੀ ਮਿਲੀ ਅਜਿਹੀ ਸਜ਼ਾ ਕੀ ਮਾਂ ਦੇ ਕੱਟਣੇ ਪੈ ਗਏ ਦੋਵੇਂ ਹੱਥ

12 October, 2017

ਕੈਨੇਡਾ ਦੇ ਸੂਬੇ ਨੋਵਾ ਸਕੋਟੀਆ ਦੇ ਸ਼ਹਿਰ ਹੈਲੀਫੈਕਸ 'ਚ ਰਹਿ ਰਹੀ ਇਕ ਔਰਤ 2 ਮਾਰਚ 2017 ਨੂੰ ਮਾਂ ਬਣੀ ਸੀ। ਪੁੱਤ ਦੇ ਜਨਮ ਮਗਰੋਂ ਉਹ ਬਹੁਤ ਖੁਸ਼ ਸੀ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਇਸ ਮਾਂ ਨੂੰ ਅਜਿਹੀ ਬੀਮਾਰੀ ਲੱਗ ਗਈ ਕਿ ਉਸ ਦੇ ਹੱਥ ਕੱਟਣੇ ਪਏ। ਲਿੰਡਸੇ ਹੂਬਲੀ ਨਾਂ ਦੀ 33 ਸਾਲਾ ਔਰਤ 7 ਮਹੀਨਿਆਂ ਤੋਂ ਹਸਪਤਾਲ 'ਚ ਹੀ ਭਰਤੀ ਹੈ ਅਤੇ ਹੁਣ ਉਸ ਨੇ ਡਾਕਟਰਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ। 

ਉਸ ਦੇ ਮੰਗੇਤਰ ਨੇ ਦੱਸਿਆ ਕਿ ਬੱਚੇ ਦਾ ਜਨਮ ਹੋਣ ਦੇ ਅਗਲੇ ਦਿਨ ਡਾਕਟਰਾਂ ਨੇ ਪੂਰੀ ਜਾਂਚ ਕੀਤੇ ਬਿਨਾਂ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ। ਹੂਬਲੀ ਨੂੰ ਕਬਜ਼ ਅਤੇ ਪੇਟ ਦਰਦ ਦੀ ਸ਼ਿਕਾਇਤ ਸੀ ਪਰ ਉਸ ਦਾ ਇਲਾਜ ਨਾ ਕੀਤਾ ਗਿਆ। ਘਰ ਜਾ ਕੇ ਵੀ ਉਹ ਠੀਕ ਨਹੀਂ ਮਹਿਸੂਸ ਕਰ ਰਹੀ ਸੀ। 5 ਮਾਰਚ ਨੂੰ ਜਦ ਉਹ ਮੁੜ ਹਸਪਤਾਲ ਆਏ ਤਾਂ ਹੂਬਲੀ ਦੇ ਸਰੀਰ 'ਚ ਦਰਦ ਹੋ ਰਹੀ ਸੀ ਤੇ ਸਰੀਰ ਦਾ ਰੰਗ ਬਦਲ ਰਿਹਾ ਸੀ। 


5 ਡਾਕਟਰ ਉਸ ਦੇ ਕੇਸ ਨੂੰ ਦੇਖ ਰਹੇ ਸਨ ਪਰ ਉਨ੍ਹਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਇਸ ਕਾਰਨ ਉਸ ਨੂੰ ਨੈਕਰੋਟਾਇਜ਼ਿੰਗ ਫੈਸਸੀਟਿਸ ਨਾਂ ਦੀ ਬੀਮਾਰੀ ਲੱਗ ਗਈ ਜਿਸ ਕਾਰਨ ਹੌਲੀ-ਹੌਲੀ ਕਰਕੇ ਬੈਕਟੀਰੀਆ ਉਸ ਦੇ ਸਰੀਰ ਦੇ ਟਿਸ਼ੂਆਂ ਨੂੰ ਖਾ ਗਏ। ਇਸ ਬੀਮਾਰੀ ਨੂੰ ਮਾਸ ਖਾਣ ਵਾਲੀ ਬੀਮਾਰੀ ਕਿਹਾ ਜਾਂਦਾ ਹੈ। ਜਾਂਚ ਮਗਰੋਂ ਪਤਾ ਲੱਗਾ ਕਿ ਜੇਕਰ ਹੂਬਲੀ ਦਾ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਉਹ ਮਰ ਵੀ ਸਕਦੀ ਸੀ। 

ਹੂਬਲੀ ਨੇ ਕਿਹਾ ਕਿ ਉਸ ਦੀਆਂ ਕਈ ਰੀਝਾਂ ਤੇ ਚਾਅ ਸਨ ਜੋ ਬੀਮਾਰੀ ਕਾਰਨ ਅਧੂਰੇ ਰਹਿ ਗਏ। ਉਹ ਆਪਣੇ ਬੱਚੇ ਮਾਈਲਸ ਨੂੰ ਚੁੱਕ ਕੇ ਖੇਡ ਵੀ ਨਾ ਸਕੀ ਸੀ ਕਿ ਇਹ ਬੀਮਾਰੀ ਉਸ ਨੂੰ ਲੱਗ ਗਈ। ਉਸ ਦੇ ਮੰਗੇਤਰ ਨੇ ਦੱਸਿਆ ਕਿ ਉਹ ਬੱਚੇ ਨੂੰ ਸੰਭਾਲ ਰਿਹਾ ਹੈ ਅਤੇ ਬੱਚੇ ਦੇ ਜਨਮ ਮਗਰੋਂ ਉਹ ਕੰਮ 'ਤੇ ਵੀ ਨਹੀਂ ਜਾ ਸਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਦਾਲਤ 'ਚ ਜਾਣ ਦਾ ਫੈਸਲਾ ਲਿਆ ਹੈ ਤਾਂ ਕਿ ਉਨ੍ਹਾਂ ਨੂੰ ਨਿਆਂ ਮਿਲ ਸਕੇ ਅਤੇ ਹੋਰ ਮਾਂਵਾਂ ਦਾ ਬਚਾਅ ਹੋ ਸਕੇ।