ਪੁਲਿਸ ਨੇ ਬਠਿੰਡਾ 'ਚ ਖੋਜਿਆ ਹਨੀਪ੍ਰੀਤ ਦਾ ਨਵਾਂ ਟਿਕਾਣਾ

12 October, 2017

ਬਠਿੰਡਾ: ਸਾਧਵੀਆਂ ਦੇ ਨਾਲ ਰੇਪ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਸੌਦਾ ਸਾਧ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਦਾ ਪੁਲਿਸ ਨੂੰ ਫਰਾਰ ਹੋਣ ਸਮੇਂ ਉਸ ਦੇ ਰੁਕਣ ਦੇ ਨਵੇਂ ਟਿਕਾਣੇ ਦਾ ਪਤਾ ਲੱਗਾ ਹੈ। ਹਨੀਪ੍ਰੀਤ ਬਠਿੰਡਾ ਦੇ ਪਿੰਡ ਜੰਗੀਰਾਣਾ ਦੇ ਖੇਤਾਂ ਵਿੱਚ ਬਣੇ ਇੱਕ ਘਰ ਵਿੱਚ ਤਕਰੀਬਨ ਇੱਕ ਹਫਤੇ ਤੱਕ ਰੁਕੀ ਹੋਈ ਸੀ। 

ਪੁਲਿਸ ਨੇ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਲਿਆ ਕੇ ਇਸ ਘਰ ਦੀ ਨਿਸ਼ਾਨਦੇਹੀ ਕੀਤੀ ਹੈ। ਦੁਪਹਿਰ ਸਮੇਂ ਪੁਲਿਸ ਨੇ ਘਰ ਦੀ ਤਲਾਸ਼ੀ ਵੀ ਕੀਤੀ ਹੈ। ਇਹ ਮਕਾਨ ਡੇਰਾ ਮੁਖੀ ਸੌਦਾ ਸਾਧ ਦੇ ਵਫਾਦਾਰ ਡ੍ਰਾਈਵਰ ਇਕਬਾਲ ਸਿੰਘ ਦੇ ਭੂਆ ਦੇ ਪੁੱਤ ਗੁਰਮੀਤ ਸਿੰਘ ਦਾ ਹੈ। ਪਿੰਡ ਜੰਗੀਰਾਣਾ ਬਠਿੰਡਾ-ਬਾਦਲ ਸੜਕ ‘ਤੇ ਪੈਂਦਾ ਹੈ। 


ਦੱਸ ਦੇਈਏ ਕਿ ਇਸ ਸਮੇਂ ਹਨੀਪ੍ਰੀਤ ਪੁਲਿਸ ਦੀ ਰਿਮਾਂਡ ਵਿੱਚ ਹੈ ਅਤੇ ਪੁਲਿਸ ਸਬੂਤ ਇਕੱਠੇ ਕਰਨ ਲਈ ਹਨੀਪ੍ਰੀਤ ਦੇ ਵੱਖ-ਵੱਖ ਟਿਕਾਣਿਆਂ ‘ਤੇ ਜਾ ਕੇ ਨਿਸ਼ਾਨਦੇਹੀ ਕਰ ਰਹੀ ਹੈ। ਪੁਲਿਸ ਨੇ ਅੱਜ ਦਾਅਵਾ ਕੀਤਾ ਸੀ ਕਿ ਹਨੀਪ੍ਰੀਤ ਨੇ ਪੰਚਕੂਲਾ ਹਿੰਸਾ ਵਿੱਚ ਆਪਣੀ ਸ਼ਮੂਲੀਅਤ ਹੋਣਾ ਕਬੂਲ ਕਰ ਲਿਆ ਹੈ।

ਬਠਿੰਡਾ ਪੁਲਿਸ ਤੋਂ ਨਹੀਂ ਮਿਲ ਰਿਹਾ ਹਰਿਆਣਾ ਪੁਲਿਸ ਨੂੰ ਸਹਿਯੋਗ :-

ਹਰਿਆਣਾ ਪੁਲਿਸ ਨੂੰ ਸੰਦੇਹ ਹੈ ਕਿ ਪੰਜਾਬ ਪੁਲਿਸ ਹਨੀਪ੍ਰੀਤ ਦੇ ਲੁੱਕਣ ਤੋਂ ਲੈ ਕੇ ਉਸ ਨੂੰ ਸਪੋਰਟ ਕਰਨ ਵਾਲੇ ਲੋਕਾਂ ਦੇ ਸੰਬੰਧ ਵਿੱਚ ਉਨ੍ਹਾਂ ਨੂੰ ਠੀਕ ਜਾਣਕਾਰੀ ਨਹੀਂ ਦੇ ਰਹੀ ਹੈ। ਇਸ ਦਾ ਪ੍ਰਮਾਣ ਹਨੀਪ੍ਰੀਤ ਵੱਲੋਂ ਦਾਅਵਾ ਜਿਤਾਉਣਾ ਕਿ ਉਹ ਬਠਿੰਡਾ ਵਿੱਚ ਰਹੀ ਜਦੋਂ ਕਿ ਪੰਜਾਬ ਪੁਲਿਸ ਅੰਤ ਤੱਕ ਦਾਅਵਾ ਕਰਦੀ ਰਹੀ ਕਿ ਉਹ ਬਠਿੰਡਾ ਵਿੱਚ ਕਦੇ ਆਈ ਹੀ ਨਹੀਂ।


ਇਹੀ ਨਹੀਂ ਪੰਜਾਬ ਵਿੱਚ ਹਿੰਸਾ ਭੜਕਾਉਣ ਲਈ ਬਣਾਈ ਸੱਤ ਮੈਂਬਰੀ ਕਮੇਟੀ ਦੇ ਮੁਖੀ ਮਹਿੰਦਰਪਾਲ ਸਿੰਘ ਬਿੱਟੂ ਦੇ ਖ਼ਿਲਾਫ਼ 26 ਅਗਸਤ ਨੂੰ ਬਠਿੰਡਾ ਪੁਲਿਸ ਦੇਸ਼ ਦਰੋਹ ਦਾ ਮਾਮਲਾ ਦਰਜ ਕਰਦੀ ਹੈ ਉਹੀ ਡੇਢ ਮਹੀਨਾ ਗੁਜ਼ਰਨ ਦੇ ਬਾਅਦ ਵੀ ਉਸ ਨੂੰ ਗ੍ਰਿਫਤਾਰ ਕਰਨ ‘ਚ ਨਾਕਾਮ ਰਹਿੰਦੀ ਹੈ।

ਕੋਟਕਪੂਰਾ ਨਿਵਾਸੀ ਬਿੱਟੂ ਪੰਚਕੂਲਾ ਤੋਂ ਹਨੀਪ੍ਰੀਤ ਨੂੰ ਗੱਡੀ ਵਿੱਚ ਬਿਠਾ ਕੇ ਵੱਖਰੇ ਸਥਾਨਾਂ ‘ਚ ਘੁਮਾਇਆ ਅਤੇ ਬਾਅਦ ਵਿੱਚ ਬਠਿੰਡਾ ਵਿੱਚ ਆ ਕੇ ਲੁੱਕ ਗਿਆ। ਇਸ ਦੀ ਭਿਨਕ ਵੀ ਪੁਲਿਸ ਨੂੰ ਨਾ ਲੱਗ ਸਕੀ।