ਪਾਕਿ ਜੇਲ 'ਚ ਬੰਦ ਭਾਰਤੀ ਸਿਪਾਹੀ ਸੁਰਜੀਤ ਸਿੰਘ ਦੀ ਵਤਨ ਵਾਪਸੀ ਲਈ ਹਾਈ ਕੋਰਟ ਕੋਲ ਪਹੁੰਚ

12 October, 2017

ਚੰਡੀਗੜ੍ਹ, 12 ਅਕਤੂਬਰ, (ਨੀਲ ਭਲਿੰਦਰ ਸਿੰਘ): ਪਾਕਿਸਤਾਨੀ ਜੇਲ 'ਚ ਬੰਦ ਦੱਸੇ ਜਾ ਰਹੇ ਭਾਰਤੀ ਸਿਪਾਹੀ ਸੁਰਜੀਤ ਸਿੰਘ ਦੀ ਵਤਨ ਵਾਪਸੀ ਲਈ ਹਾਈ ਕੋਰਟ ਕੋਲ ਪਹੁੰਚ ਕੀਤੀ ਗਈ ਹੈ। ਇਸ ਸਬੰਧੀ ਹਾਈ ਕੋਰਟ ਨੇ ਅੱਜ ਵਿਦੇਸ਼ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ਼) ਅਥਾਰਟੀਆਂ ਨੂੰ 13 ਨਵੰਬਰ ਲਈ ਨੋਟਿਸ ਜਾਰੀ ਕਰ ਦਿਤਾ ਹੈ।
ਸੁਰਜੀਤ ਸਿੰਘ ਸਾਲ 1971 ਵਿਚ ਪਾਕਿਸਤਾਨ ਨਾਲ ਲੜਾਈ ਦਾ ਬੰਦੀ ਦਸਿਆ ਜਾ ਰਿਹਾ ਹੈ। ਸੁਰਜੀਤ ਸਿੰਘ ਦੀ ਪਤਨੀ ਅੰਗਰੇਜ਼ ਕੌਰ ਵਲੋਂ ਦਾਖ਼ਲ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬੀਐਸਐਫ਼ ਅਥਾਰਟੀਆਂ ਦਾ ਮੰਨਣਾ ਹੈ ਕਿ ਚਾਰ ਦਸੰਬਰ 1971 ਨੂੰ ਸਿਪਾਹੀ ਸੁਰਜੀਤ ਸਿੰਘ ਜੰਗ ਵਿਚ ਸ਼ਹੀਦ ਹੋ ਗਿਆ ਸੀ। ਪਾਕਿਸਤਾਨ ਦੇ ਸਾਬਕਾ ਮਨੁੱਖੀ ਅਧਿਕਾਰ ਮੰਤਰੀ ਅੰਸਾਰ ਬੁਰਨੀ ਨੇ 28 ਅਪ੍ਰੈਲ 2011 ਨੂੰ ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ 'ਜੰਗ' ਨੂੰ ਦਿਤੇ ਬਿਆਨ ਵਿਚ ਮੰਨਿਆ ਕਿ ਕਾਂਸਟੇਬਲ ਸੁਰਜੀਤ ਸਿੰਘ ਪਾਕਿਸਤਾਨ ਦੀ ਜੇਲ ਵਿਚ ਹੈ। 


ਉਸ ਦੀ 20 ਸਾਲ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਇਹ ਗੱਲ ਉਸ ਤੋਂ ਅਗਲੇ ਦਿਨ ਇਕ ਪ੍ਰਮੁੱਖ ਭਾਰਤੀ ਅਖ਼ਬਾਰ ਨੇ ਵੀ ਛਾਪੀ। ਸਾਲ 2004 ਵਿਚ ਇਹ ਵੀ ਕਿਹਾ ਗਿਆ ਕਿ ਸੁਰਜੀਤ ਸਿੰਘ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਸੁਰਜੀਤ ਸਿੰਘ ਦਾ ਪਰਵਾਰ ਉਸ ਨੂੰ ਲੈਣ ਲਈ ਬਾਰਡਰ ਉੱਤੇ ਵੀ ਗਿਆ ਪਰ  ਉੱਥੇ ਪਤਾ ਚਲਾ ਕਿ ਕਿਸੇ ਮੱਖਣ ਸਿੰਘ ਨਾਮਕ ਭਾਰਤੀ ਵਿਅਕਤੀ ਨੂੰ ਰਿਹਾਅ ਕੀਤਾ ਹੈ ਜਿਸ ਨੂੰ ਜਾਸੂਸੀ ਦੇ ਦੋਸ਼ਾਂ ਵਿਚ ਫੜਿਆ ਗਿਆ ਸੀ।ਪਟੀਸ਼ਨਰ ਮੁਤਾਬਕ ਮੱਖਣ ਸਿੰਘ ਨੇ ਵਤਨ ਵਾਪਸੀ ਉੱਤੇ ਮੰਨਿਆ ਕਿ ਸੁਰਜੀਤ ਸਿੰਘ ਪਾਕਿਸਤਾਨ ਦੀ ਜੇਲ ਵਿਚ ਹੈ। ਪਟੀਸ਼ਨਰ ਨੇ ਇਹ ਵੀ ਕਿਹਾ ਕਿ ਭਾਰਤੀ ਅਥਾਰਟੀਆਂ ਵਲੋਂ ਪੁੱਛੇ ਜਾਣ ਉਤੇ ਪਾਕਿਸਤਾਨ ਨੇ ਕੋਈ ਜਵਾਬ ਨਹੀਂ ਦਿਤਾ। ਅਜਿਹੇ ਵਿਚ ਭਾਰਤੀ ਅਥਾਰਟੀਆਂ ਨੂੰ ਕੌਮਾਂਤਰੀ ਅਦਾਲਤ 'ਚ ਕੇਸ ਪਾਉਣ ਦੇ ਨਿਰਦੇਸ਼ ਜਾਰੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਦਾ।