ਨਵਾਜ਼ ਸ਼ਰੀਫ਼ ਨੂੰ ਮਿਲੀ ਰਾਹਤ, ਮਾਣਹਾਨੀ ਪਟੀਸ਼ਨ ਰੱਦ

14 March, 2018

ਇਸਲਾਮਾਬਾਦ, 13 ਮਾਰਚ : ਪਾਕਿਸਤਾਨ ਸੁਪਰੀਮ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨ੍ਹਾਂ ਦੇ ਭਰਾ ਸ਼ਹਿਬਾਜ਼ ਸ਼ਰੀਫ਼ ਅਤੇ ਕੈਪਟਨ ਮੁਹੰਮਦ ਸਫ਼ਦਰ ਅਤੇ ਹੋਰ ਮੈਂਬਰਾਂ ਵਿਰੁਧ ਦਾਇਰ ਮਾਣਹਾਨੀ ਪਟੀਸ਼ਨ ਰੱਦ ਕਰ ਦਿਤੀ ਹੈ।ਪਾਕਿ ਅੰਗਰੇਜ਼ੀ ਅਖ਼ਬਾਰ ਮੁਤਾਬਕ ਪਾਕਿਸਤਾਨ ਦੇ ਮੁੱਖ ਜੱਜ ਮੀਆਂ ਸਾਕਿਬ ਨਿਸਾਰ ਦੀ ਪ੍ਰਧਾਨਗੀ ਵਾਲੀ ਤਿੰਨ ਮੈਂਬਰੀ ਬੈਂਚ ਨੇ ਕਿਹਾ ਕਿ ਅਦਾਲਤ ਵਿਰੁਧ ਦਿਤੇ ਗਏ ਬਿਆਨਾਂ ਦੀ ਸਹੀ ਸਮੇਂ 'ਤੇ ਜਾਂਚ ਕੀਤੀ ਜਾਵੇਗੀ। ਮਾਣਹਾਨੀ ਪਟੀਸ਼ਨਾਂ ਮਹਿਮੂਦ ਅਖ਼ਤਰ ਨਕਵੀ ਨੇ ਦਾਇਰ ਕੀਤੀਆਂ ਸਨ। ਸੁਣਵਾਈ ਦੌਰਾਨ ਪਟੀਸ਼ਨਕਰਤਾ ਨੇ ਕਿਹਾ ਕਿ ਸ਼ਰੀਫ਼ ਨੂੰ ਹਟਾਉਣ ਦਾ ਫ਼ੈਸਲਾ ਆਉਣ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਨੇ ਕਈ ਸਿਆਸੀ ਰੈਲੀਆਂ 'ਚ ਅਦਾਲਤਾਂ ਦਾ ਜ਼ਬਾਨੀ ਅਪਮਾਨ ਕੀਤਾ ਸੀ। 


ਇਸ ਬਿਆਨ 'ਤੇ ਮੁੱਖ ਜੱਜ ਨੇ ਜਵਾਬ ਦਿਤਾ ਕਿ ਵੱਖ-ਵੱਖ ਬਿਆਨ ਅਦਾਲਤ ਦੇ ਰੀਕਾਰਡ 'ਚ ਪਹਿਲਾਂ ਹੀ ਮੌਜੂਦ ਹਨ। ਸਹੀ ਸਮਾਂ ਆਉਣ 'ਤੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।ਅਦਾਲਤ ਨੇ ਡੈਨੀਅਲ ਅਜੀਜ਼, ਤਲਾਲ ਚੌਧਰੀ, ਖਵਾਜ਼ਾ ਸਾਦ ਰਫੀਕ, ਨੈਯਰ ਭੁਕਾਰੀ, ਫਿਰਦੌਸ ਆਸ਼ਿਕ ਅਵਾਨ ਅਤੇ ਯੂਸੁਫ ਰਜ਼ਾ ਗਿਲਾਨੀ ਵਿਰੁਧ ਅਦਾਲਤ ਦੀਆਂ ਸਾਰੀਆਂ ਮਾਣਹਾਨੀ ਪਟੀਸ਼ਨਾਂ ਨੂੰ ਵੀ ਰੱਦ ਕਰ ਦਿਤਾ। ਨਕਵੀ ਨੇ ਸਾਲ 2017 'ਚ ਸ਼ਰੀਫ਼ ਦੇ ਭਰਾਵਾਂ, ਜਾਵੇਦ ਹਾਸ਼ਮੀ, ਰੇਲ ਮੰਤਰੀ ਸਾਦ ਰਫ਼ੀਕ, ਡੈਨੀਅਲ ਅਜੀਜ਼ ਅਤੇ ਹੋਰਾਂ ਵਿਰੁਧ ਮਾਣਹਾਨੀ ਪਟੀਸ਼ਨ ਸੀਨੀਅਰ ਅਦਾਲਤ 'ਚ ਦਾਇਰ ਕੀਤੀ ਸੀ। (ਪੀਟੀਆਈ)