ਨੰਬਰ ਇਕ ਬਣੇ ਰਹਿਣ ਦੇ ਇਰਾਦੇ ਨਾਲ ਉਤਰੇਗਾ ਭਾਰਤ

10 October, 2017

ਢਾਕਾ, 10 ਅਕਤੂਬਰ: ਏਸ਼ੀਆ ਵਿਚ ਨੰਬਰ ਇਕ ਦਾ ਅਪਣਾ ਦਰਜਾ ਬਣਾਏ ਰੱਖਣ ਦੀ ਕਵਾਇਦ ਵਿਚ ਭਾਰਤੀ ਹਾਕੀ ਟੀਮ ਕਲ ਤੋਂ ਸ਼ੁਰੂ ਹੋ ਰਹੇ ਪੁਰਸ਼ ਹੀਰੋ ਏਸ਼ੀਆ ਕੱਪ ਹਾਕੀ ਦੇ ਪਹਿਲੇ ਮੈਚ ਵਿਚ ਜਾਪਾਨ ਨਾਲ ਖੇਡੇਗਾ।
ਪਿਛਲੀ ਵਾਰ ਉਪ ਵਿਜੇਤਾ ਰਹੀ ਭਾਰਤੀ ਟੀਮ ਦੀ ਕਮਾਨ ਮਿਡਫ਼ੀਲਡਰ ਮਨਪ੍ਰੀਤ ਸਿੰਘ ਦੇ ਹੱਥ ਵਿਚ ਹੈ। ਭਾਰਤ ਨੂੰ ਪੁਲ ਏ ਵਿਚ ਜਾਪਾਨ, ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਰਖਿਆ ਗਿਆ ਹੈ। ਪੁਲ ਬੀ ਵਿਚ ਚੈਂਪੀਅਨ ਕੋਰੀਆ, ਮਲੇਸ਼ੀਆ, ਚੀਨ ਅਤੇ ਉਮਾਨ ਹਨ। ਭਾਰਤ ਦਾ ਇਰਾਦਾ ਜਿੱਤ ਨਾਲ ਆਗਾਜ਼ ਕਰਨ ਦਾ ਹੋਵੇਗਾ। ਟੀਮ ਇੰਡੀਆ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਜਾਪਾਨ ਵਿਰੁਧ ਮੈਚ ਨੂੰ ਲੈ ਕੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਪਹਿਲੇ ਮੈਚ ਵਿਚ ਹਮੇਸ਼ਾ ਕੁੱਝ ਬੇਚੈਨੀ ਹੁੰਦੀ ਹੈ ਅਤੇ ਸਾਨੂੰ ਉਸ ਤੋਂ ਉਭਰਨ ਲਈ ਚੰਗਾ ਖੇਡਣਾ ਹੋਵੇਗਾ । ਹਾਲਾਂਕਿ ਅਸੀਂ ਚੁਨੌਤੀ ਲਈ ਤਿਆਰ ਹਾਂ।


ਭਾਰਤ ਨੇ ਇਸ ਸਾਲ ਦੀ ਸ਼ੁਰੂਆਤ ਵਿਚ ਜਾਪਾਨ ਵਿਰੁਧ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿਚ ਵੀ ਖੇਡਿਆ ਸੀ ਅਤੇ 4-3 ਨਾਲ ਜਿੱਤ ਦਰਜ ਕੀਤੀ ਸੀ । ਹਾਲਾਂਕਿ ਇਸ ਮੈਚ ਵਿਚ ਭਾਰਤੀ ਪੁਰਸ਼ਾਂ ਦੀ ਜਿੱਤ ਦਾ ਫ਼ਰਕ ਬਹੁਤ ਜ਼ਿਆਦਾ ਨਹੀਂ ਸੀ । ਉਥੇ ਹੀ ਜਾਪਾਨੀ ਟੀਮ ਨੂੰ ਹਮਲਾਵਰ ਖੇਡਣ ਲਈ ਜਾਣਿਆ ਜਾਂਦਾ ਹੈ ਅਤੇ ਇਸੇ ਅਜ਼ਲਾਨ ਕੱਪ ਵਿਚ ਉਸ ਨੇ ਦੂਜੀ ਰੈਂਕਿੰਗ ਦੀ ਟੀਮ ਆਸਟਰੇਲੀਆ ਨੂੰ 3-2 ਨਾਲ ਹਰਾ ਕੇ ਹੈਰਾਨ ਕੀਤਾ ਸੀ। ਗੋਲਕੀਪਰ ਆਕਾਸ਼ ਚਿਕਤੇ ਅਤੇ ਸੂਰਜ ਕਰਕੇਰਾ ਨੇ ਟੀਮ ਵਿਚ ਅਪਣੀ ਥਾਂ ਬਰਕਰਾਰ ਰੱਖੀ ਹੈ ਜਦਕਿ ਡਿਫ਼ੈਂਡਰ ਹਰਮਨਪ੍ਰੀਤ ਸਿੰਘ ਅਤੇ ਸੁਰਿੰਦਰ ਕੁਮਾਰ ਨੇ ਯੂਰਪ ਦੌਰੇ 'ਤੇ ਆਰਾਮ ਦਿਤੇ ਜਾਣ ਤੋਂ ਬਾਅਦ ਵਾਪਸੀ ਕੀਤੀ ਹੈ।ਟੂਰਨਾਮੈਂਟ ਵਿਚ ਸਾਬਕਾ ਕਪਤਾਨ ਸਰਦਾਰ ਸਿੰਘ, ਆਕਾਸ਼ਦੀਪ ਸਿੰਘ, ਸਤਬੀਰ ਸਿੰਘ ਅਤੇ ਐਸ.ਵੀ. ਸੁਨੀਲ ਵਰਗੇ ਅਨੁਭਵੀ ਖਿਡਾਰੀਆਂ ਦੀ ਵੀ ਵਾਪਸੀ ਹੋਈ ਹੈ।       (ਪੀ.ਟੀ.ਆਈ)