'ਮੂਰਥਲ 'ਚ 9 ਬਲਾਤਕਾਰ ਹੋਏ'

12 October, 2017

ਚੰਡੀਗੜ੍ਹ, 12 ਅਕਤੂਬਰ (ਨੀਲ ਭਲਿੰਦਰ ਸਿੰਘ) : ਹਰਿਆਣਾ ਵਿਚ ਜਾਤੀ ਆਧਾਰਤ ਅੰਦੋਲਨ ਦੌਰਾਨ ਹੋਈ ਹਿੰਸਾ ਦੌਰਾਨ ਕੌਮੀ ਸ਼ਾਹਰਾਹ ਉਤੇ ਮੂਰਥਲ ਕੋਲੇ 9 ਬਲਾਤਕਾਰ ਹੋਏ ਹੋਣ ਦਾ ਦਾਅਵਾ ਕੀਤਾ ਹੈ। ਸੀਨੀਅਰ ਐਡਵੋਕੇਟ ਅਤੇ ਇਸ ਮਾਮਲੇ 'ਚ ਅਦਾਲਤ ਦੇ ਮਿੱਤਰ ਵਕੀਲ (ਐਮੀਕਸ ਕਿਊਰੀ) ਅਨੁਪਮ ਗੁਪਤਾ ਨੇ ਅੱਜ ਹਾਈ ਕੋਰਟ ਵਿਚ ਇਹ ਦਾਅਵਾ ਕੀਤਾ ਹੈ। ਗੁਪਤਾ ਨੇ ਅਪਣੇ ਇਸ ਦਾਅਵੇ ਦੀ ਪ੍ਰੋੜਤਾ ਹਿਤ ਇਹ ਦਾਅਵਾ ਵੀ ਕੀਤਾ ਕਿ ਹਰਿਆਣਾ ਦਾ ਸਾਬਕਾ ਪੁਲਿਸ ਮੁਖੀ ਖ਼ੁਦ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰ ਚੁੱਕਾ ਹੈ।
ਜਸਟਿਸ ਅਜੇ ਕੁਮਾਰ ਮਿੱਤਲ ਅਤੇ ਜਸਟਿਸ ਅਮਿਤ ਰਾਵਲ ਉਤੇ ਆਧਾਰਤ ਡਵੀਜ਼ਨ ਬੈਂਚ ਕੋਲ ਅੱਜ ਅਦਾਲਤੀ ਸਵੈ ਨੋਟਿਸ ਵਾਲੇ ਇਸ ਕੇਸ ਦੀ ਸੁਣਵਾਈ ਮੌਕੇ ਗੁਪਤਾ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਸੀਨੀਅਰ ਆਈਏਐਸ ਅਫ਼ਸਰ ਵਿਜੇ ਵਰਧਨ ਨੇ ਦਿਤੀ ਹੈ। ਗੁਪਤਾ ਨੇ ਕਿਹਾ ਕਿ ਉਹ ਹਾਲੇ ਹਾਈ ਕੋਰਟ ਵਿਚ ਹੀ ਸੀ


 ਕਿ ਇਕ ਹੋਰ ਆਈਏਐਸ ਅਫ਼ਸਰ ਅਸ਼ੋਕ ਖੇਮਕਾ ਨੇ ਉਸ ਨੂੰ ਫ਼ੋਨ ਕਰ ਕੇ ਕਿਹਾ ਕਿ ਵਰਧਨ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦਾ ਹੈ। ਗੁਪਤਾ ਮੁਤਾਬਕ ਵਰਧਨ ਨੇ ਮਗਰੋਂ ਫ਼ੋਨ ਉਤੇ ਉਸ ਨੂੰ ਦਸਿਆ ਕਿ ਤਤਕਾਲੀ ਡੀਜੀਪੀ ਕੇਪੀ ਸਿੰਘ ਨੇ ਖ਼ੁਦ ਉਸ ਨੂੰ ਮੂਰਥਲ 'ਚ 9 ਬਲਾਤਕਾਰ ਹੋਏ ਹੋਣ ਦੀ ਗੱਲ ਦਸੀ ਹੈ। ਗੁਪਤਾ ਨੇ ਕਿਹਾ ਕਿ ਇਸ ਦੇ ਸਬੂਤ ਵਜੋਂ ਉਸ ਦੀ ਕਾਲ ਡਿਟੇਲ ਵੇਖੀ ਜਾ ਸਕਦੀ ਹੈ। ਗੁਪਤਾ ਮੁਤਾਬਕ ਇਸ ਮੁੱਦੇ ਉਤੇ ਮਗਰੋਂ ਮੁੱਖ ਮੰਤਰੀ ਨੇ ਵਰਧਨ ਦੀ ਖਿਚਾਈ ਕੀਤੀ। ਦਸਣਯੋਗ ਹੈ ਕਿ ਆਈਏਐਸ ਵਰਧਨ ਵਲੋਂ ਐਡਵੋਕੇਟ ਅਨੁਪਮ ਗੁਪਤਾ ਨਾਲ ਗੱਲ ਹੋਈ ਹੋਣ ਦਾ ਖੰਡਨ ਕੀਤਾ ਜਾ ਚੁੱਕਾ  ਹੈ। ਸੁਣਵਾਈ ਦੌਰਾਨ ਗੁਪਤਾ ਨੇ ਬੈਂਚ ਨੂੰ ਇਹ ਵੀ ਦਸਿਆ ਕਿ ਸੁਖਦੇਵ ਢਾਬੇ ਦੇ ਮਾਲਕ ਅਮਰੀਕ ਸਿੰਘ ਨੇ ਖ਼ੁਦ ਮੀਡੀਆ ਨੂੰ ਬਲਾਤਕਾਰ ਹੋਏ ਹੋਣ ਬਾਰੇ ਜਾਣਕਾਰੀ ਦਿਤੀ ਪਰ ਮਗਰੋਂ ਵਿਸ਼ੇਸ ਜਾਂਚ ਟੀਮ ਕੋਲ ਉਹ ਮੁਕਰ ਗਿਆ। ਗੁਪਤਾ ਨੇ ਦਾਅਵਾ ਕੀਤਾ ਕਿ ਇਕ ਵਾਰ ਜੇਕਰ ਇਸ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿਤੀ ਜਾਵੇ ਤਾਂ ਅਮਰੀਕ ਸਿੰਘ ਜਿਹੇ ਗਵਾਹ ਤੋਤੇ ਵਾਂਗ ਬੋਲਣਗੇ।