ਮੁਹੰਮਦ ਸ਼ਮੀ ਵਿਵਾਦ

12 March, 2018

ਪੁਲਿਸ ਨੇ ਬੀ.ਸੀ.ਸੀ.ਆਈ. ਤੋਂ ਮੰਗੀ ਜਾਣਕਾਰੀ
ਕਲਕੱਤਾ, 12 ਮਾਰਚ: ਕ੍ਰਿਕਟ ਖਿਡਾਰੀ ਮੁਹੰਮਦ ਸ਼ਮੀ ਵਿਰੁਧ ਪਤਨੀ ਹਸੀਨ ਜਹਾਂ ਵਲੋਂ ਦਰਜ ਕਰਵਾਏ ਕੇਸ ਤੋਂ ਬਾਅਦ ਕਲਕੱਤਾ ਪੁਲਿਸ ਨੇ ਅਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਕਲਕੱਤਾ ਪੁਲਿਸ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਬੀ.ਸੀ.ਆਈ.) ਨੂੰ ਚਿੱਠੀ ਲਿਖ ਕੇ ਮੁਹੰਮਦ ਸ਼ਮੀ ਦੇ ਦੱਖਣੀ ਅਫ਼ਰੀਕਾ ਦੌਰੇ ਦਾ ਬਿਊਰਾ ਮੰਗਿਆ ਹੈ।ਕਲਕੱਤਾ ਪੁਲਿਸ ਨੇ ਬੀ.ਸੀ.ਸੀ.ਆਈ. ਨੂੰ ਪੁਛਿਆ ਕਿ ਕੀ ਮੁਹੰਮਦ ਸ਼ਮੀ ਭਾਰਤੀ ਕ੍ਰਿਕਟ ਟੀਮ ਨਾਲ ਫ਼ਲਾਈਟ 'ਚ ਸੀ ਜਾਂ ਕਿਸੇ ਹੋਰ ਫ਼ਲਾਈਟ ਰਾਹੀਂ ਉਸ ਨੇ ਅਪਣੇ ਖ਼ਰਚੇ 'ਤੇ ਯਾਤਰਾ ਕੀਤੀ ਸੀ। ਕਲਕੱਤਾ ਪੁਲਿਸ ਨੇ ਇਹ ਵੀ ਪੁਛਿਆ ਕਿ ਕੀ ਉਹ ਟੀਮ ਨਾਲ ਦੁਬਈ ਗਿਆ ਸੀ ਜਾਂ ਇਕਲਾ ਗਿਆ ਸੀ।ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਮੁਹੰਮਦ ਸ਼ਮੀ 'ਤੇ ਦੋਸ਼ ਲਗਾਇਆ ਸੀ ਕਿ ਉਹ ਦੱਖਣੀ ਅਫ਼ਰੀਕਾ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਦੁਬਈ ਗਿਆ ਸੀ, ਜਿੱਥੇ ਉਸ ਨੇ ਇਕ ਪਾਕਿਸਤਾਨੀ ਲੜਕੀ ਅਲਿਸ਼ਬਾ ਨਾਲ ਮੁਲਾਕਾਤ ਕੀਤੀ ਅਤੇ ਹੋਟਲ 'ਚ ਉਸ ਨਾਲ ਸਰੀਰਕ ਸਬੰਧ ਬਣਾਏ ਸਨ। ਇਨ੍ਹਾਂ ਦੋਵਾਂ ਦੀ ਗੱਲਬਾਤ ਦਾ ਰੀਕਾਰਡ ਸ਼ਮੀ ਦੇ ਮੋਬਾਇਲ ਤੋਂ ਮਿਲਿਆ ਹੈ। ਹਸੀਨ ਜਹਾਂ ਨੇ ਦੋਸ਼ ਲਗਾਇਆ ਕਿ ਦੁਬਈ ਤੋਂ ਪਰਤਣ ਤੋਂ ਬਾਅਦ ਮੁਹੰਮਦ ਸ਼ਮੀ ਨੇ ਉਸ ਨਾਲ ਕੁਟਮਾਰ ਵੀ ਕੀਤੀ ਸੀ।


 ਹਸੀਨ ਜਹਾਂ ਦੀ ਸ਼ਿਕਾਇਤ 'ਤੇ ਕਲਕੱਤਾ ਪੁਲਿਸ ਨੇ ਸ਼ਮੀ ਅਤੇ ਉਨ੍ਹਾਂ ਦੇ ਪਰਵਾਰ ਦੇ ਚਾਰ ਮੈਂਬਰਾਂ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਹੈ।
ਇਸ 'ਚ ਘਰੇਲੂ ਹਿੰਸਾ ਦੇ ਦੋਸ਼ਾਂ ਦਾ ਵੀ ਕੇਸ ਦਰਜ ਹੈ। ਇਸ ਵਿਵਾਦ 'ਤੇ ਮੁਹੰਮਦ ਸ਼ਮੀ ਨੇ ਕਿਹਾ ਕਿ ਉਹ ਅਪਣੀ ਪਤਨੀ ਹਸੀਨ ਜਹਾਂ ਤੋਂ ਮਾਫ਼ੀ ਮੰਗਣ ਲਈ ਤਿਆਰ ਹਨ ਅਤੇ ਇਸ ਮਾਮਲੇ ਨੂੰ ਸੁਲਝਾਉਣ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਦਾ ਹੱਲ ਆਪਸੀ ਗੱਲਬਾਤ ਨਾਲ ਸੰਭਵ ਹੈ ਤਾਂ ਇਸ ਤੋਂ ਬੇਹਤਰ ਹੋਰ ਕੁਝ ਨਹੀਂ ਹੋ ਸਕਦਾ। ਸਾਡੇ ਦੋਵਾਂ ਲਈ ਸਾਡੀ ਬੇਟੀ ਦੀ ਖ਼ੁਸ਼ੀ ਲਈ ਸਮਝੌਤਾ ਹੀ ਇਕਲੌਤਾ ਰਾਸਤਾ ਹੈ, ਜਿਸ 'ਤੇ ਹਸੀਨ ਜਹਾਂ ਨੇ ਕਿਹਾ ਕਿ ਮੁਹੰਮਦ ਸ਼ਮੀ ਨਾਲ ਹੁਣ ਸਮਝੌਤਾ ਨਹੀਂ ਹੋ ਸਕਦੀ। ਜੇਕਰ ਮੈਂ ਸਮਝੌਤਾ ਕਰ ਲਿਆ ਤਾਂ ਲੋਕ ਮੈਨੂੰ ਹੀ ਗੁਨਾਹਗਾਰ ਸਮਝਣਗੇ। ਮੇਰੇ ਕੋਲ ਉਸ ਦੇ ਗੁਨਾਹ ਦੇ ਸਾਰੇ ਸਬੂਤ ਹਨ।   (ਏਜੰਸੀ)