ਮੋਦੀ ਸਰਕਾਰ ਨੂੰ ਝਟਕਾ: ਜੀ.ਐਸ.ਟੀ. ਦੁਨੀਆ 'ਚ ਸੱਭ ਤੋਂ ਗੁੰਝਲਦਾਰ: ਵਿਸ਼ਵ ਬੈਂਕ

17 March, 2018

ਨਵੀਂ ਦਿੱਲੀ, 17 ਮਾਰਚ: ਵਿਸ਼ਵ ਬੈਂਕ ਨੇ 'ਇੰਡੀਆ ਡਿਵੈਲਪਮੈਂਟ ਅਪਡੇਟ' ਦੀ ਛਿਮਾਹੀ ਰੀਪੋਰਟ 'ਚ ਵਸਤੂਆਂ ਅਤੇ ਸੇਵਾਵਾਂ ਟੈਕਸ (ਜੀ.ਐਸ.ਟੀ.) ਸਬੰਧੀ ਗੰਭੀਰ ਸਵਾਲ ਉਠਾਇਆ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਜੀ.ਐਸ.ਟੀ. ਬਹੁਤ ਜ਼ਿਆਦਾ ਗੁੰਝਲਦਾਰ ਹੈ। ਅੱਗੇ ਕਿਹਾ ਗਿਆ ਹੈ ਕਿ 115 ਦੇਸ਼ਾਂ 'ਚੋਂ ਭਾਰਤ 'ਚ ਟੈਕਸ ਰੇਟ ਦੂਜਾ ਸੱਭ ਤੋਂ ਜ਼ਿਆਦਾ ਹੈ। ਇਕ ਜੁਲਾਈ 2017 ਨੂੰ ਲਾਗੂ ਕੀਤੇ ਗਏ ਜੀ.ਐਸ.ਟੀ. 'ਚ ਪੰਜ ਸਲੈਬ (0, 5, 12, 18 ਅਤੇ 28 ਫ਼ੀ ਸਦੀ) ਹਨ। ਕਈ ਚੀਜ਼ਾਂ ਅਤੇ ਸੇਵਾਵਾਂ ਨੂੰ ਜੀ.ਐਸ.ਟੀ. ਦੇ ਦਾਇਰੇ ਤੋਂ ਬਾਹਰ ਵੀ ਰਖਿਆ ਗਿਆ ਹੈ। ਫਿਲਹਾਰ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ.ਟੀ. ਤੋਂ ਬਾਹਰ ਰਖਿਆ ਗਿਆ ਹੈ। ਇਸ ਤੋਂ ਇਲਾਵਾ ਰੀਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਪੂਰੇ ਵਿਸ਼ਵ 'ਚ 115 ਦੇਸ਼ਾਂ 'ਚ ਜੀ.ਐਸ.ਟੀ. ਲਾਗੂ ਹੈ। 115 ਦੇਸ਼ਾਂ 'ਚ ਸਿਰਫ਼ 5 ਦੇਸ਼ ਭਾਰਤ, ਇਟਲੀ, ਲਗਜਮਬਰਗ, ਪਾਕਿਸਤਾਨ ਅਤੇ ਘਾਨਾ 'ਚ ਪੰਜ ਟੈਕਸ ਸਲੈਬ ਦੀ 


ਵਿਵਸਥਾ ਹੈ। 49 ਦੇਸ਼ਾਂ 'ਚ ਸਿਰਫ਼ ਇਕ ਟੈਕਸ ਸਲੈਬ ਹੈ। 28 ਦੇਸ਼ਾਂ 'ਚ ਦੋ ਟੈਕਸ ਸਲੈਬ ਰੱਖੇ ਗਏ ਹਨ। ਵਿਸ਼ਵ ਬੈਂਕ ਦੀ ਰੀਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਤੋਂ ਇਲਾਵਾ ਜਿਨ੍ਹਾਂ ਚਾਰ ਦੇਸ਼ਾਂ 'ਚ ਜੀ.ਐਸ.ਟੀ. ਦੇ ਪੰਜ ਟੈਕਸ ਸਲੈਬ ਹਨ, ਉਨ੍ਹਾਂ ਦੇਸ਼ਾਂ ਦੀ ਅਰਥ ਵਿਵਸਥਾ ਮੌਜੂਦਾ ਸਮੇਂ 'ਚ ਬੁਰੇ ਦੌਰ 'ਚੋਂ ਗੁਜਰ ਰਹੀ ਹੈ। ਵਿਸ਼ਵ ਬੈਂਕ ਨੇ ਅਪਣੀ ਰੀਪੋਰਟ 'ਚ ਜੀ.ਐਸ.ਟੀ. ਕੌਂਸਲ ਤੋਂ ਬਾਅਦ ਟੈਕਸ ਰੀਫ਼ੰਡ ਦੀ ਹੌਲੀ ਰਫ਼ਤਾਰ 'ਤੇ ਵੀ ਚਿੰਤਾ ਜਤਾਈ ਹੈ। ਹਾਲਾਂ ਕਿ ਆਉਣ ਵਾਲੇ ਦਿਨਾਂ 'ਚ ਭਾਰਤ 'ਚ ਜੀ.ਐਸ.ਟੀ. ਦੀ ਸਥਿਤੀ 'ਚ ਸੁਧਾਰ ਦੀ ਸੰਭਾਵਨਾ ਵੀ ਜਤਾਈ ਗਈ ਹੈ। ਰੀਪੋਰਟ 'ਚ ਕਿਹਾ ਗਿਆ ਹੈ ਕਿ ਟੈਕਸ ਸਲੈਬ ਦੀ ਗਿਣਤੀ ਘੱਟ ਕਰਨ ਅਤੇ ਕਾਨੂੰਨੀ ਪ੍ਰਸਤਾਵਾਂ ਨੂੰ ਆਸਾਨ ਕਰਨ ਨਾਲ ਜੀ.ਐਸ.ਟੀ. ਜ਼ਿਆਦਾ ਪ੍ਰਭਾਵੀ ਅਤੇ ਅਸਰਦਾਰ ਹੋਵੇਗਾ।   (ਏਜੰਸੀ)