ਲੋਹੜੀ ਦੇ ਤਿਉਹਾਰ 'ਤੇ ਪਿਆ ਮੰਦੀ ਤੇ ਮੌਸਮ ਦਾ ਅਸਰ

13 January, 2018

ਬਠਿੰਡਾ, 12 ਜਨਵਰੀ (ਵਿਕਾਸ ਕੌਸ਼ਲ) : ਲੋਹੜੀ ਦਾ ਖ਼ੁਸ਼ੀਆਂ ਤਿਉਹਾਰ ਸਰਦੀਆਂ ਦੇ ਅੰਤ ਵਿਚ ਹਾੜ੍ਹੀਆਂ ਦੀ ਫ਼ਸਲਾਂ ਦੇ ਪ੍ਰਫੁਲਤ ਹੋਣ ਲਈ ਅਤੇ ਵਿਆਹ, ਨਵੇ ਜੰਮੇ ਬੱਚੇ ਤੇ ਪਹਿਲੀ ਲੋਹੜੀ ਤੇ ਪੁਰਾਤਨ ਰਸਮਾਂ ਨਾਲ ਮਨਾਇਆ ਜਾਂਦਾ ਹੈ। ਲੋਹੜੀ ਸ਼ਬਦ ਲੱਕੜਾਂ, ਪਾਥੀਆਂ ਅਤੇ ਰਿਉੜੀਆਂ ਦੇ ਸਮੇਲ ਤੋਂ ਬਣਿਆ ਹੈ। ਪਰ ਇਨ੍ਹਾਂ ਤਿੰਨਾਂ ਚੀਜਾਂ ਦੇ ਘੱਟ ਰਹੇ ਰੁਝਾਨ ਦਾ ਅਸਰ ਸ਼ਹਿਰੀ ਲੋਕਾਂ ਉਪਰ ਵੇਖਿਆ ਜਾ ਸਕਦਾ ਹੈ। ਬਿਮਲਾ ਦੇਵੀ ਘਨ੍ਹਈਆ ਨਗਰ ਬਠਿੰਡਾ ਨੇ ਦਸਿਆ ਕਿ ਉਹ ਪਾਥੀਆਂ ਨੂੰ ਕਈ ਸਾਲਾਂ ਤੋ ਘਰ-ਘਰ ਜਾ ਕੇ ਵੇਚ ਰਹੀ ਹੈ। ਉਹ ਪਹਿਲਾਂ ਗੋਬਰ ਖ਼ਰੀਦਦੀ ਹੈ ਜੋ ਕਿ ਇਕ ਰੁਪਏ ਬੱਠਲ ਵਿਚ ਖਰੀਦਿਆ ਜਾਂਦਾ ਹੈ, ਸਰਦੀਆਂ ਦੀਆਂ ਛੁੱਟੀਆਂ ਦੌਰਾਨ ਉਹ ਅਪਣੀਆਂ ਤਿੰਨ ਲੜਕੀਆਂ ਨਾਲ ਗੋਹੇ ਦੀਆਂ ਪਾਥੀਆਂ ਥੱਪ ਕੇ ਦੋ ਰੁਪਏ ਪਾਥੀ ਵੇਚ ਰਹੀ ਹਾਂ। ਪਿਛਲੇ ਸਾਲ ਉਸਨੇ ਛੇ ਸੌ ਦੇ ਆਸ-ਪਾਸ ਪਾਥੀਆਂ ਵੇਚੀਆਂ ਸਨ, ਪਰ ਇਸ ਸਾਲ ਹੁਣ ਤਕ ਸਿਰਫ਼ ਤਿੰਨ ਸੌ ਪਾਥੀ ਵੇਚ ਪਾਈ ਹੈ। ਚੰਦਸਰ ਬਸਤੀ ਦੀ ਸੁਕੰਲਤਾ ਦੇਵੀ ਨੇ ਦਸਿਆ ਕਿ ਜ਼ਿਆਦਾਤਰ ਘਰ 20 ਤੋਂ 25 ਪਾਥੀਆਂ ਖ਼ਰੀਦ ਰਹੇ ਹਨ, ਜਿਸ ਘਰ ਸ਼ਗਨਾਂ ਦੀ ਲੋਹੜੀ ਹੈ, ਉਹ ਸੌ ਦੀ ਗਿਣਤੀ ਤੱਕ ਪਾਥੀਆਂ ਖਰੀਦ ਰਹੇ ਹਨ। ਉਸਨੇ ਦਸਿਆ ਕਿ ਸਾਨੂੰ ਪਹਿਲਾਂ ਲੋਕ ਸ਼ਗਨ ਦੇ ਤੌਰ ਤੇ ਰਾਉੜੀਆਂ ਮੂੰਗਫਲੀਆਂ ਅਤੇ ਰੁਪਏ ਦਿੰਦੇ ਸਨ, ਪਰ ਹੁਣ ਬਹੁਤ ਹੀ ਘੱਟ ਲੋਕ ਹਨ ਜੋ ਸਾਨੂੰ ਇਹ ਕੁਝ ਦਿੰਦੇ ਹਨ। ਹਰਪਾਲ ਨਗਰ ਦੇ ਵੀਰਭਾਨ ਜੋ ਕਿ ਆਟੋ ਰਿਕਸ਼ਾ ਚਾਲਕ ਹੈ ਉਸਨੇ ਦਸਿਆ ਕਿ ਇਸ ਸਾਲ ਮੰਦੀ ਦਾ ਅਸਰ ਸਾਡੇ ਕੰਮ 'ਤੇ ਪਿਆ ਹੈ, ਉਨ੍ਹਾਂ ਕਿਹਾ ਮੈ ਤੇ ਮੇਰੀ ਬੇਟੀ ਈਸ਼ਾ ਸੱਤਵੀ ਦੀ ਵਿਦਿਆਰਥਣ ਨਾਲ ਮਿਲਕੇ ਹੁਣ ਤੱਕ ਸੱਤ ਸੌ ਪਾਥੀ ਹੀ ਵੇਚ ਪਾਏ ਹਾਂ ਜੋ ਕਿ ਪਿਛਲੇ ਸਾਲ ਨਾਲੋ ਵਿਕਰੀ ਅੱਧੀ ਰਹਿ ਗਈ ਹੈ। ਵੀਰਭਾਨ ਨੇ ਕਿਹਾ ਕਿ ਅਸੀ ਡੇਢ ਰੁਪਏ ਪਾਥੀ ਖਰੀਦ ਕੇ ਆਟੋ ਰਾਹੀ ਗਲੀਆਂ ਵਿਚ ਦੋ ਰੁਪਏ ਪਾਥੀ ਵੇਚਦੇ ਹਾਂ। 


ਦੂਜੇ ਪਾਸੇ ਲੱਕੜ ਦੀ ਟਾਲ ਦੇ ਮਾਲਕ ਰਾਜ ਕੁਮਾਰ ਨੇ ਦਸਿਆ ਕਿ ਲੱਕੜ ਦਾ ਮੁੱਲ ਅੱਠ ਰੁਪਏ ਕਿਲੋ ਹੋ ਚੁੱਕਿਆ ਹੈ। ਜਿਸ ਦਾ ਅਸਰ ਖਰੀਦਦਾਰਾਂ ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕ ਪਹਿਲਾਂ ਨਾਲੋ ਲੱਕੜ ਘੱਟ ਖਰੀਦ ਰਹੇ ਹਨ। ਉਹ ਹੁਣ ਤੱਕ ਪੰਜਾਹ ਕੁਇੰਟਲ ਲੱਕੜ ਲੋਹੜੀ ਲਈ ਵੇਚ ਚੁੱਕਿਆ ਹੈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਘੱਟ ਹੈ। ਮੂੰਗਫਲੀ ਅਤੇ ਰਿਉੜੀ ਦੇ ਵਪਾਰੀ  ਰਾਜ ਕੁਮਾਰ ਬਿੱਟੂ ਨੇ ਦਸਿਆ ਕਿ ਪਿਛਲੇ ਸਾਲ  ਮੂੰਗਫਲੀਆਂ ਦੀਆਂ 40 ਬੋਰੀਆ ਜੋ ਕਿ 120 ਕੁਇੰਟਲ ਵੇਚੀਆਂ ਸਨ। ਪਰ ਇਸ ਵਾਰ ਠੰਡ ਨਾ ਪੈਣ ਕਰਕੇ ਪਿਛਲੇ ਸਾਲ ਨਾਲੋ ਵਿਕਰੀ ਅੱਧੀ ਹੋਈ ਹੈ ਜਿਥੇ ਮੂੰਗਫਲੀਆਂ 60 ਤੋ 90 ਰੁਪਏ ਅਤੇ ਰਿਉੜੀਆਂ 80 ਤੋ 150 ਰੁਪਏ ਕਿਲੋ ਵਿਕ ਰਹੀਆਂ ਹਨ ਅਤੇ ਤਿਲਾਂ ਦੀ ਗਚਕ 110 ਰੁਪਏ ਤੋ 170 ਰੁਪਏ ਤਕ ਵਿਕ ਰਹੀ ਹੈ ਇਨ੍ਹਾਂ ਸਭ ਦਾ ਰੇਟ ਲਗਭਗ ਪਿਛਲੇ ਸਾਲ ਜਿਨ੍ਹਾਂ ਹੀ ਹੈ।