ਲੰਮੇ ਸਮੇਂ ਤੋਂ ਜੇਲਾਂ 'ਚ ਬੰਦ ਸਿੱਖਾਂ ਦੀ ਰਿਹਾਈ ਦੀ ਬੱਝੀ ਆਸ

12 October, 2017

ਅੰਮ੍ਰਿਤਸਰ, 12 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅਦਾਲਤੀ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਆਸ ਬੱਝੀ ਹੈ। ਇਸ ਸਬੰਧੀ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਸੂਚਿਤ ਕੀਤਾ ਗਿਆ ਹੈ ਕਿ ਸਾਡੇ ਵਲੋਂ ਸੀਨੀਅਰ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਡਾ: ਸੁਬਰਾਮਨੀਅਮ ਸੁਆਮੀ ਰਾਹੀਂ ਕੇਂਦਰ ਸਰਕਾਰ ਕੋਲ ਉਠਾਏ ਗਏ ਸਿੱਖ ਮਸਲਿਆਂ ਅਤੇ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਕੇਂਦਰ ਸਰਕਾਰ ਨੇ ਗੰਭੀਰਤਾ ਦਿਖਾਉਂਦਿਆਂ ਸਬੰਧਤ ਸੂਬਿਆਂ ਨੂੰ ਢੁਕਵੀਂ ਕਾਰਵਾਈ ਅਮਲ ਵਿਚ ਲਿਆਉਣ ਲਈ ਨਿਰਦੇਸ਼ ਦਿਤਾ ਹੈ। ਗ੍ਰਹਿ ਵਿਭਾਗ ਦੇ ਸਕੱਤਰ ਰੇਣੂ ਸੂਰੀ ਵਲੋਂ ਲਿਖੇ ਪੱਤਰ ਵਿਚ ਉਨ੍ਹਾਂ ਦਸਿਆ ਕਿ ਸਿੱਖ ਭਾਈਚਾਰੇ ਦੇ ਮਸਲਿਆਂ ਦੇ ਸਬੰਧ ਵਿਚ ਪ੍ਰਧਾਨ ਮੰਤਰੀ ਦਫ਼ਤਰ ਨੇ ਡਾ: ਸੁਬਰਾਮਨੀਅਮ ਸਵਾਮੀ ਮੈਂਬਰ ਰਾਜ ਸਭਾ ਵਲੋਂ 21 ਜੂਨ 2017 ਦੇ ਪੱਤਰ ਤਹਿਤ ਜੋ ਕਿ ਦਮਦਮੀ ਟਕਸਾਲ (ਜਥਾ ਭਿੰਡਰਾਂ) ਵਲੋਂ 20 ਜੂਨ 2017 ਨੂੰ ਇਕ ਮੰਗ ਪੱਤਰ ਰਾਹੀਂ ਸਰਕਾਰ ਕੋਲ ਉਠਾਏ ਗਏ ਇਤਰਾਜ਼ ਅਤੇ ਸੁਝਾਵਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਕੇਂਦਰੀ ਗ੍ਰਹਿ ਵਿਭਾਗ ਨੇ ਸਬੰਧਤ ਰਾਜਾਂ ਨੂੰ ਨਿਰਦੇਸ਼ ਦਿਤਾ ਹੈ। ਉਕਤ ਵਿਸ਼ੇ 'ਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਾਪਤ 4 ਜੁਲਾਈ 2017 ਦੀ ਆਈ ਡੀ ਨੰ: 4646212/ਪੀ ਐਮ ਓ/2017-ਮੰਗ ਪੱਤਰ ਦੀ ਇਕ ਕਾਪੀ ਜੋ ਨਾਲ ਨੱਥੀ ਹੈ, ਸਬੰਧੀ ਉਚਿਤ ਕਾਰਵਾਈ ਲਈ ਆਦੇਸ਼ ਹੋਇਆ ਹੈ।ਉਨ੍ਹਾਂ ਉਕਤ ਵਿਸ਼ੇ 'ਤੇ ਕਾਰਵਾਈ ਕਰਦਿਆਂ ਉਸ ਦੀ ਜਾਣਕਾਰੀ ਨਿਮਨ ਹਸਤਾਖ਼ਰ ਕੇਂਦਰੀ ਗ੍ਰਹਿ ਵਿਭਾਗ, ਰਾਜ ਸਭਾ ਮੈਂਬਰ ਡਾ:ਸੁਬਰਾਮਨੀਅਮ ਸਵਾਮੀ ਅਤੇ ਦਮਦਮੀ ਟਕਸਾਲ (ਜਥਾ ਭਿੰਡਰਾਂ) ਨੂੰ ਭੇਜਣ ਲਈ ਵੀ ਕਿਹਾ ਹੈ। ਕਾਰਵਾਈ ਪ੍ਰਤੀ ਨਵੀਂ ਦਿੱਲੀ ਵਿਖੇ ਸਬੰਧਤ ਵਿਭਾਗਾਂ ਨੂੰ ਵੀ ਜਾਣਕਾਰੀ ਦੇਣ ਲਈ ਕਿਹਾ ਹੈ। 


ਹਰਨਾਮ ਸਿੰਘ ਖ਼ਾਲਸਾ ਨੇ ਦਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਇਕ ਵਫ਼ਦ ਨੇ ਰਾਜ ਸਭਾ ਮੈਂਬਰ ਡਾ: ਸਵਾਮੀ ਨਾਲ ਮੁਲਾਕਾਤ ਕਰਦਿਆਂ ਸਿੱਖਾਂ ਨੂੰ ਦਰਪੇਸ਼ ਮਸਲਿਆਂ ਬਾਰੇ ਗੱਲਬਾਤ ਕੀਤੀ ਸੀ। ਜਿਸ ਦੇ ਆਧਾਰ 'ਤੇ ਡਾ: ਸਵਾਮੀ ਨੇ ਰਾਜ ਸਭਾ ਵਿਚ ਇਕ ਮਤਾ ਪੇਸ਼ ਕਰਦਿਆਂ ਸ੍ਰੀ ਦਰਬਾਰ ਸਾਹਿਬ 'ਤੇ ਕੀਤੇ ਹਮਲੇ ਨੂੰ ਅਤਿ ਮੰਦਭਾਗਾ ਤੇ ਅਫ਼ਸੋਸਨਾਕ ਠਹਿਰਾਉਂਦਿਆਂ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ '84 ਦੀਆਂ ਦੋਹਾਂ ਘਟਨਾਵਾਂ ਘੱਲੂਘਾਰਾ ਅਤੇ ਨਵੰਬਰ '84 ਦੇ ਸਿੱਖ ਕਤਲੇਆਮ ਬਾਰੇ ਰੀਕਾਰਡ ਜਨਤਕ ਕਰਨ ਨੂੰ ਕਿਹਾ। ਉਨ੍ਹਾਂ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਵੀ ਪੈਰਵਾਈ ਕੀਤੀ ਅਤੇ ਸਿੱਖ ਕੈਦੀਆਂ ਦੀ ਰਿਹਾਈ ਲਈ ਵੀ ਅਪੀਲ ਕੀਤੀ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਿਖੀ ਚਿੱਠੀ ਤੇ ਉਨ੍ਹਾਂ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਢੁਕਵੀਂ ਕਾਰਵਾਈ ਦਾ ਭਰੋਸਾ ਦਿਤਾ ਸੀ। ਡਾ: ਸਵਾਮੀ ਸਿੱਖ ਮੱਸਲਿਆਂ ਨੂੰ ਲੈ ਕੇ ਕਾਂਗਰਸ ਦੀ ਕਈ ਵਾਰ ਆਲੋਚਨਾ ਕਰ ਚੁਕੇ ਹਨ। ਉਨ੍ਹਾਂ ਸਿੱਖ ਕੌਮ ਨੂੰ ਦਰਪੇਸ਼ ਮਸਲਿਆਂ ਪ੍ਰਤੀ ਗੰਭੀਰਤਾ ਨਾਲ ਵਕਾਲਤ ਕਰਨ ਦਾ ਵਿਸ਼ਵਾਸ ਦਿਤਾ ਸੀ। ਜਦ ਤਕ ਕਾਰਜ ਪੂਰਾ ਨਹੀਂ ਹੋ ਜਾਂਦਾ ਉਹ ਪਿੱਛਾ ਨਹੀਂ ਛੱਡੇਗਾ। ਖ਼ਾਲਸਾ ਨੇ ਸਿੱਖਾਂ ਦੀ ਕਾਲੀ ਸੂਚੀ ਖ਼ਤਮ ਕਰਨ, ਗੁਰਦਵਾਰਾ ਗਿਆਨ ਗੋਦੜੀ ਨੂੰ ਮੁੜ ਮੂਲ ਅਸਥਾਨ 'ਤੇ ਸਥਾਪਤ ਕਰਨ, '84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ, ਪੀੜਤਾਂ ਪਰਵਾਰਾਂ ਦਾ ਮੁੜ ਵਸੇਬਾ ਕਰਨ, ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਤਮਾਮ ਰਸਤਿਆਂ ਨੂੰ ਚੌੜੇ ਅਤੇ ਸੁੰਦਰ ਬਣਾਉਣ, ਆਨੰਦ ਕਾਰਜ ਐਕਟ ਨੂੰ ਦੇਸ਼ ਭਰ 'ਚ ਲਾਗੂ ਕਰਨ, '84 ਦੇ ਘੱਲੂਘਾਰੇ ਦੌਰਾਨ ਫ਼ੌਜ ਵਲੋਂ ਉਠਾਇਆ ਗਿਆ ਸਿੱਖ ਰੈਫ਼ਰੰਸ ਲਾਇਬ੍ਰੇਰੀ ਦਾ ਅਨਮੋਲ ਖ਼ਜ਼ਾਨਾ ਸਿੱਖ ਕੌਮ ਨੂੰ ਵਾਪਸ ਕਰਾਉਣ ਦੀ ਵੀ ਮੰਗ ਉਠਾਈ ਸੀ।