ਲਗਾਤਾਰ ਨੌਵੀਂ ਲੜੀ ਜਿੱਤ ਕੇ ਭਾਰਤ ਨੇ ਵਿਸ਼ਵ ਰੀਕਾਰਡ ਦੀ ਕੀਤੀ ਬਰਾਬਰੀ

06 December, 2017

ਨਵੀਂ ਦਿੱਲੀ, 6 ਦਸੰਬਰ: 30 ਸਾਲ ਤੋਂ ਕੋਟਲਾ ਸਟੇਡੀਅਮ 'ਤੇ ਟੈਸਟ ਨਾ ਗੰਵਾਉਣ ਦਾ ਰੀਕਾਰਡ ਕਾਇਮ ਰਖਦਿਆਂ ਭਾਰਤੀ ਟੀਮ ਨੇ ਸ੍ਰੀਲੰਕਾ ਵਿਰੁਧ ਆਖ਼ਰੀ ਟੈਸਟ ਡਰਾਅ ਖੇਡਿਆ ਤੇ ਇਹ ਲੜੀ 1-0 ਨਾਲ ਅਪਣੇ ਨਾਮ ਕਰ ਲਈ। ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਨੇ ਲਗਾਤਾਰ ਚੌਥੀ ਟੈਸਟ ਲੜੀ ਜਿੱਤ ਕੇ ਵਿਸ਼ਵ ਰੀਕਾਰਡ ਦੀ ਬਰਾਬਰੀ ਕਰ ਲਈ ਹੈ। ਕਲਕੱਤਾ 'ਚ ਪਹਿਲਾ ਅਤੇ ਦਿੱਲੀ 'ਚ ਤੀਜਾ ਟੈਸਟ ਡਰਾਅ ਰਿਹਾ ਸੀ, ਜਦੋਂ ਕਿ ਭਾਰਤ ਨੇ ਨਾਗਪੁਰ 'ਚ ਦੂਜਾ ਟੈਸਟ ਪਾਰੀ ਅਤੇ 239 ਦੌੜਾਂ ਨਾਲ ਜਿੱਤ ਕੇ ਇਹ ਲੜੀ 1-0 ਨਾਲ ਅਪਣੇ ਨਾਮ ਕਰ ਲਈ ਸੀ। ਭਾਰਤ ਨੇ ਇਸ ਦੇ ਨਾਲ ਹੀ ਲਗਾਤਾਰ ਨੌਵੀਂ ਟੈਸਟ ਲੜੀ ਜਿੱਤ ਲਈ ਅਤੇ ਆਸਟ੍ਰੇਲੀਆ ਦੇ 2005 ਤੋਂ 2008 ਤਕ ਲਗਾਤਾਰ ਨੌਂ ਲੜੀਆਂ ਜਿੱਤਣ ਦੇ ਵਿਸ਼ਵ ਰੀਕਾਰਡ ਦੀ ਬਰਾਬਰੀ ਕਰ ਲਈ ਹੈ।ਕ੍ਰਿਕਟ ਦੇ ਸੱਭ ਤੋਂ ਪੁਰਾਣੇ ਫ਼ਾਰਮੇਟ 'ਚ ਭਾਰਤੀ ਟੀਮ ਹੁਣ ਅਗਲੇ ਸਾਲ ਦੱਖਣੀ ਅਫ਼ਰੀਕਾ ਨਾਲ ਭਿੜੇਗੀ, ਜਿੱਥੇ ਉਸ ਕੋਲ ਲਗਾਤਾਰ 10ਵੀਂ ਲੜੀ ਜਿੱਤ ਕੇ ਨਵਾਂ ਵਿਸ਼ਵ ਰੀਕਾਰਡ ਬਣਾਉਣ ਦਾ ਮੌਕਾ ਹੋਵੇਗਾ।


 ਕੋਟਲਾ ਟੈਸਟ 'ਚ ਭਾਰਤ ਨੇ ਸ੍ਰੀਲੰਕਾ ਸਾਹਮਣੇ 410 ਦੌੜਾਂ ਦਾ ਟੀਚਾ ਰਖਿਆ ਸੀ। ਸ੍ਰੀਲੰਕਾ ਨੇ ਕੱਲ੍ਹ ਦੀਆਂ ਤਿੰਨ ਵਿਕਟਾਂ 'ਤੇ 31 ਦੌੜਾਂ ਨਾਲ ਖੇਡਣਾ ਸ਼ੁਰੂ ਕੀਤਾ ਸੀ ਅਤੇ ਪੂਰਾ ਦਿਨ ਸੰਘਰਸ਼ ਕਰਦਿਆਂ ਡੀਸਿਲਵਾ ਨੇ ਤੀਜੇ ਟੈਸਟ ਸੈਂਕੜੇ ਦੇ ਦਮ 'ਤੇ ਮੈਚ ਡਰਾਅ ਕਰਵਾ ਦਿਤਾ। ਸ੍ਰੀਲੰਕਾ ਨੇ ਮੈਚ ਦੇ ਡਰਾਅ ਸਮਾਪਤ ਹੋਣ ਤਕ 103 ਓਵਰਾਂ 'ਚ ਪੰਜ ਵਿਕਟਾਂ ਗਵਾ ਕੇ 299 ਦੌੜਾਂ ਬਣਾਈਆਂ ਸਨ।ਟੂਰਨਾਮੈਂਟ 'ਚ 610 ਦੌੜਾਂ ਬਣਾਉਣ ਵਾਲੇ ਵਿਰਾਟ ਕੋਹਲੀ ਨੂੰ ਮੈਨ ਆਫ਼ ਦਾ ਸੀਰੀਜ਼ ਦਾ ਖ਼ਿਤਾਬ ਦਿਤਾ ਗਿਆ। ਨਾਲ ਹੀ ਕੋਟਲਾ ਟੈਸਟ ਦੀਆਂ ਦੋਵੇਂ ਪਾਰੀਆਂ 'ਚ 293 ਦੌੜਾਂ ਬਣਾਉਣ ਵਾਲੇ ਕੋਹਲੀ ਨੂੰ ਮੈਨ ਆਫ਼ ਦਾ ਮੈਚ ਦਾ ਖ਼ਿਤਾਬ ਵੀ ਦਿਤਾ ਗਿਆ। ਭਾਰਤੀ ਟੀਮ ਹੁਣ ਮਹਿਮਾਨ ਟੀਮ ਨਾਲ ਇਕ ਦਿਨਾ ਅਤੇ ਟੀ20 ਲੜੀ ਖੇਡੇਗੀ। ਦੋਵੇਂ ਟੀਮਾਂ ਦਰਮਿਆਨ ਪਹਿਲਾ ਇਕ ਦਿਨਾ ਮੈਚ 10 ਦਸੰਬਰ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ।   (ਏਜੰਸੀ)