ਕੀਮਤਾਂ ਵਧਣ ਦੇ ਡਰੋਂ ਰਿਜ਼ਰਵ ਬੈਂਕ ਨੇ ਨਹੀਂ ਬਦਲੀਆਂ ਵਿਆਜ ਦਰਾਂ

06 December, 2017

ਮੁੰਬਈ, 6 ਦਸੰਬਰ: ਆਉਣ ਵਾਲੇ ਦਿਨਾਂ 'ਚ ਮਹਿੰਗਾਈ ਦਰ ਵਧਣ ਦੀ ਚਿੰਤਾ 'ਚ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰ 'ਚ ਕੋਈ ਤਬਦੀਲੀ ਨਹੀਂ ਕੀਤੀ। ਕੇਂਦਰੀ ਬੈਂਕ ਨੇ ਰੇਪੋ ਦਰ ਨੂੰ ਵੀ 6 ਫ਼ੀ ਸਦੀ 'ਤੇ ਹੀ ਰਖਿਆ ਹੈ। ਇਸ ਨਾਲ ਬੈਂਕਾਂ ਸਾਹਮਣੇ ਵਿਆਜ ਦਰਾਂ 'ਚ ਕਮੀ ਲਿਆਉਣ ਦੀ ਗੁੰਜਾਇਸ਼ ਕਾਫ਼ੀ ਘੱਟ ਰਹਿ ਗਈ ਹੈ। ਨਤੀਜੇ ਵਜੋਂ ਗੱਡੀਆਂ ਅਤੇ ਮਕਾਨ ਖ਼ਰੀਦਣ ਵਾਲਿਆਂ ਲਈ ਸਸਤੇ ਕਰਜ਼ੇ ਦੀ ਗੁੰਜਾਇਸ਼ ਵੀ ਘੱਟ ਰਹਿ ਗਈ ਹੈ।ਹਰ ਦੋ ਮਹੀਨੇ ਬਾਅਦ ਹੋਣ ਵਾਲੀ ਮੁਦਰਾ ਸਮੀਖਿਆ 'ਚ ਸਾਲ ਦੀ ਦੂਜੀ ਤਿਮਾਹੀ ਲਈ ਮਹਿੰਗਾਈ ਦਰ ਦਾ ਅੰਦਾਜ਼ਾ ਪਹਿਲਾਂ ਦੇ 4.2-4.6 ਫ਼ੀ ਸਦੀ ਤੋਂ ਵਧਾ ਕੇ 4.3-4.7 ਫ਼ੀ ਸਦੀ ਕਰ ਦਿਤਾ ਹੈ ਹਾਲਾਂਕਿ ਬੈਂਕ ਨੇ 2017-18 ਲਈ ਆਰਥਕ ਵਾਧਾ ਦਰ ਦੇ ਅੰਦਾਜ਼ੇ ਨੂੰ ਪਹਿਲਾਂ ਵਾਲੇ 6.7 ਫ਼ੀ ਸਦੀ 'ਤੇ ਹੀ ਰਖਿਆ ਹੈ।ਰਿਜ਼ਰਵ ਬੈਂਕ ਦੇ ਗਵਰਨਰ ਉਰਜਿਤ ਪਟੇਲ ਦੀ ਪ੍ਰਧਾਨਗੀ ਵਾਲੀ ਛੇ ਮੈਂਬਰਾਂ ਦੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਨੇ ਇਸ ਵਿੱਤੀ ਵਰ੍ਹੇ ਦੀ ਪੰਜਵੀਂ ਮੁਦਰਾ ਨੀਤੀ ਸਮੀਖਿਆ 'ਚ ਮੁੱਖ ਨੀਤੀਗਤ ਦਰ ਰੇਪੋ ਨੂੰ 6 ਫ਼ੀ ਸਦੀ 'ਤੇ ਰਖਿਆ ਹੈ। ਰਿਵਰਸ ਰੇਪੋ ਨੂੰ ਵੀ 5.75 ਫ਼ੀ ਸਦੀ 'ਤੇ ਕਾਇਮ ਰਖਿਆ ਹੈ। ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਦੇਸ਼ ਦੇ ਛੋਟੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ ਅਤੇ ਰਿਵਰਸ ਰੇਪੋ ਰੇਟ ਉਹ ਦਰ ਹੁੰਦੀ ਹੈ ਜਿਸ 'ਤੇ ਰਿਜ਼ਰਵ ਬੈਂਕ ਦੇਸ਼ ਦੇ ਛੋਟੇ ਬੈਂਕਾਂ ਤੋਂ ਕਰਜ਼ਾ ਲੈਂਦਾ ਹੈ ਕੇਂਦਰੀ ਬੈਂਕ ਨੇ ਕਿਹਾ ਕਿ ਉਸ ਦਾ ਟੀਚਾ ਪ੍ਰਚੂਨ ਮਹਿੰਗਾਈ ਦਰ ਨੂੰ 4 ਫ਼ੀ ਸਦੀ ਦੇ ਆਸਪਾਸ ਕਾਇਮ ਰਖਣਾ ਹੈ।


 ਇਹ ਜ਼ਿਆਦਾ ਤੋਂ ਜ਼ਿਆਦਾ ਦੋ ਫ਼ੀ ਸਦੀ ਉੱਪਰ ਜਾਂ ਹੇਠਾਂ ਤਕ ਜਾ ਸਕਦੀ ਹੈ। ਰਿਜ਼ਰਵ ਬੈਂਕ ਨੂੰ ਲਗਦਾ ਹੈ ਕਿ ਜਿਸ ਤਰ੍ਹਾਂ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਹਨ ਅਤੇ ਸੱਤਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਹੇਠ ਸਰਕਾਰੀ ਮੁਲਾਜ਼ਮਾਂ ਦੇ ਤਨਖ਼ਾਹ ਭੱਤੇ ਵਧੇ ਹਨ ਉਸ ਨਾਲ ਵੀ ਮਹਿੰਗਾਈ ਦਾ ਦਬਾਅ ਵਧੇਗਾ।ਨੀਤੀਗਤ ਦਰਾਂ 'ਤੇ ਪਹਿਲਾਂ ਵਾਲੀ ਸਥਿਤੀ ਕਾਇਮ ਰੱਖਣ ਵਿਚਕਾਰ ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਅੱਜ 205 ਅੰਕ  ਟੁੱਟ ਕੇ 32,597.18 ਅੰਕ 'ਤੇ ਆ ਗਿਆ। ਕੇਂਦਰੀ ਬੈਂਕ ਨੇ ਰੋਪੋ ਦਰ ਨੂੰ ਛੇ ਫ਼ੀ ਸਦੀ 'ਤੇ ਬਰਕਰਾਰ ਰਖਿਆ ਹੈ ਪਰ ਮਹਿੰਗਾਈ ਦਰ ਦੇ ਅੰਦਾਜ਼ੇ ਨੂੰ ਵਧਾਇਆ ਹੈ। ਮੁਦਰਾ ਸਮੀਖਿਆ ਤੋਂ ਬਾਅਦ ਬੈਂਕਿੰਗ ਸ਼ੇਅਰਾਂ 'ਚ ਵਿਕਰੀ ਦਾ ਸਿਲਸਿਲਾ ਚਲਿਆ।ਵਿਆਜ ਦਰ ਤੋਂ ਸੰਵੇਦਨਸ਼ੀਲ ਸ਼ੇਅਰ ਨੁਕਸਾਨ 'ਚ ਰਹੇ। ਬੈਂਕਿੰਗ ਵਰਗ ਦਾ ਸੂਚਕ ਅੰਕ 1.23 ਫ਼ੀ ਸਦੀ ਟੁੱਟ ਗਿਆ। ਐਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ, ਐਕਸਿਸ ਬੈਂਕ, ਐਚ.ਡੀ.ਐਫ਼.ਸੀ. ਬੈਂਕ, ਬੈਂਕ ਆਫ਼ ਬੜੌਦਾ, ਪੰਜਾਬ ਨੈਸ਼ਨਲ ਬੈਂਕ ਅਤੇ ਯੈੱਸ ਬੈਂਕ ਦੇ ਸ਼ੇਅਰ 2.27 ਫ਼ੀ ਸਦੀ ਤਕ ਟੁੱਟ ਗਏ। ਦੂਜੇ ਪਾਸੇ ਰਿਜ਼ਰਵ ਬੈਂਕ ਵਲੋਂ ਮਹਿੰਗਾਈ ਵਧਣ ਦੀ ਭਵਿੱਖਬਾਣੀ ਨੂੰ ਵਧਾਉਣ ਤੋਂ ਬਾਅਦ ਰੁਪਿਆ ਅੱਜ ਅਮਰੀਕੀ ਮੁਦਰਾ ਦੇ ਮੁਕਾਬਲੇ 14 ਪੈਸੇ ਦੀ ਕਮੀ ਨਾਲ 64.52 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। (ਪੀਟੀਆਈ)