ਕਾਂਗਰਸ ਦਾ 84ਵਾਂ ਮਹਾਂਇਜਲਾਸ

17 March, 2018

ਸਿਰਫ਼ ਸੱਤਾ ਹਥਿਆਉਣਾ ਸੀ ਮੋਦੀ ਦੇ ਨਾਹਰੇ: ਸੋਨੀਆ
ਮੋਦੀ ਸਰਕਾਰ 'ਤੇ ਤਿੱਖੇ ਹਮਲੇ, ਇਕੋ-ਜਿਹੇ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਹੱਥ ਮਿਲਾਉਣ ਦਾ ਸਪੱਸ਼ਟ ਸੰਕੇਤ
ਨਵੀਂ ਦਿੱਲੀ, 17 ਮਾਰਚ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ 2014 ਦੀਆਂ ਆਮ ਚੋਣਾਂ 'ਚ 'ਸੱਭ ਦਾ ਸਾਥ, ਸੱਭ ਦਾ ਵਿਕਾਸ', ਅਤੇ 'ਨਾ ਖਾਵਾਂਗਾ, ਨਾ ਖਾਣ ਦੇਵਾਂਗਾ' ਦਾ ਉਨ੍ਹਾਂ ਦਾ ਨਾਹਰਾ ਅਸਲ 'ਚ ਸੱਤਾ ਹਥਿਆਉ ਲਈ ਕੀਤੀ ਗਈ 'ਸਿਆਸੀ ਡਰਾਮੇਬਾਜ਼ੀ' ਸੀ। ਨਾਲ ਹੀ ਪਾਰਟੀ ਨੇ ਸਪੱਸ਼ਟ ਕੀਤਾ ਕਿ ਅਗਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਮਾਤ ਦੇਣ ਲਈ ਉਸ ਨੂੰ ਇਕੋ-ਜਿਹੇ ਵਿਚਾਰਾਂ ਵਾਲੀਆਂ ਪਾਰਟੀਆਂ ਨਾਲ ਹੱਥ ਮਿਲਾਉਣ 'ਚ ਕੋਈ ਇਤਰਾਜ਼ ਨਹੀਂ ਹੋਵੇਗਾ।
ਕਾਂਗਰਸ ਦੇ 84ਵੇਂ ਮਹਾਂਇਜਲਾਸ ਦੇ ਪਹਿਲੇ ਦਿਨ ਅੱਜ ਦੇਸ਼ ਭਰ 'ਚ ਜਮ੍ਹਾਂ ਹੋਏ ਪਾਰਟੀ ਦੇ ਹਜ਼ਾਰਾਂ ਕਾਰਕੁਨਾਂ 'ਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਨਾਲ ਹੀ ਉਨ੍ਹਾਂ ਦੀਆਂ ਅੱਖਾਂ 'ਚ ਇਹ ਆਸ ਵੀ ਦਿਸੀ ਕਿ ਰਾਹੁਲ ਗਾਂਧੀ ਦੀ ਨੁਮਾਇੰਦਗੀ 'ਚ ਪਾਰਟੀ ਦੀ ਕਿਸਮਤ ਮੁੜ ਸੰਵਰੇਗੀ।ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ 'ਚ ਇੰਦਰਾ ਗਾਧੀ ਇੰਡੋਰ ਸਟੇਡੀਅਮ 'ਚ ਪਾਰਟੀ ਦੇ 84ਵੇਂ ਮਹਾਂਇਜਲਾਸ ਦੇ ਪਹਿਲੇ ਦਿਨ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ 'ਤੇ ਤਿੱਖਾ ਹਮਲਾ ਕਰ ਕੇ ਸੰਕੇਤ ਦਿਤਾ ਕਿ ਉਹ ਆਉਣ ਵਾਲੀਆਂ ਚੋਣਾਂ 'ਚ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ 'ਕੋਈ ਵੀ ਬਲੀਦਾਨ' ਦੇਣ ਨੂੰ ਤਿਆਰ ਹੈ। ਨਾਲ ਵਿਰੋਧੀ ਪਾਰਟੀਆਂ ਨੂੰ ਵੀ ਸਪੱਸ਼ਟ ਸੰਕੇਤ ਦਿਤਾ ਕਿ ਉਨ੍ਹਾਂ ਨਾਲ ਸਹਿਯੋਗ ਕਰਨ ਲਈ ਉਹ 'ਸਾਂਝਾ ਵਿਹਾਰਕ' ਗਠਜੋੜ ਕਰਨ ਨੂੰ ਤਿਆਰ ਹੈ।ਮਹਾਂਇਜਲਾਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ਼ ਕਾਂਗਰਸ ਹੀ ਦੇਸ਼ ਨੂੰ ਦਿਸ਼ਾ ਦੇ ਸਕਦੀ ਹੈ। ਉਨ੍ਹਾਂ ਨਾਂ ਲਏ ਬਗ਼ੈਰ ਸੱਤਾਧਾਰੀ ਭਾਜਪਾ 'ਤੇ ਦੇਸ਼ ਅੰਦਰ ਗੁੱਸਾ ਫੈਲਾਉਣ ਅਤੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਵਲੋਂ ਕੋਈ ਦਿਸ਼ਾ ਨਾ ਮਿਲ ਸਕਣ ਦਾ ਦੋਸ਼ ਲਾਇਆ।  ਇਜਲਾਸ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ 'ਤੇ ਸੱਭ ਤੋਂ ਤਿੱਖਾ ਹਮਲਾ ਯੂ.ਪੀ.ਏ. ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਬੋਲਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਚਾਰ ਸਾਲਾਂ 'ਚ ਕਾਂਗਰਸ ਨੂੰ ਤਬਾਹ ਕਰਨ ਲਈ ਸੱਤਾ ਦਾ ਹੰਕਾਰੀ ਖੇਡ ਖੇਡਿਆ। ਉਨ੍ਹਾਂ ਕਿਹਾ ਕਿ ਪਰ ਸੱਤਾ 'ਚ ਹੰਕਾਰ ਦੇ ਅੱਗੇ ਕਾਂਗਰਸ ਨਾ ਤਾਂ ਕਦੀ ਝੁਕੀ ਹੈ ਅਤੇ ਨਾ


ਹੀ ਕਦੀ ਝੁਕੇਗੀ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ 2014 ਦਾ 'ਸੱਭ ਦਾ ਸਾਥ, ਸੱਭ ਦਾ ਵਿਕਾਸ' ਅਤੇ 'ਨਾ ਖਾਵਾਂਗਾ, ਨਾ ਖਾਣ ਦੇਵਾਂਗਾ' ਦਾ ਉਸ ਦਾ ਨਾਹਰਾ ਦਰਅਸਲ ਸੱਤਾ
ਹਥਿਆਉਣ ਲਈ ਕੀਤੀ ਗਈ 'ਸਿਆਸੀ ਡਰਾਮੇਬਾਜ਼ੀ' ਸੀ।ਸੋਨੀਆ ਨੇ ਅੱਜ ਕਾਂਗਰਸ ਦੇ 84ਵੇਂ ਮਹਾਂਇਜਲਾਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਕਾਂਗਰਸ ਨੂੰ ਤਬਾਹ ਕਰਨ ਲਈ ਹੰਕਾਰ ਅਤੇ ਸੱਤਾ ਦੇ ਨਸ਼ੇ 'ਚ ਚੂਰ ਸਰਕਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਪਰ ਸੱਤਾ ਦੇ ਹੰਕਾਰ ਅੱਗੇ ਕਾਂਗਰਸ ਨਾ ਕਦੇ ਝੁਕੀ ਹੈ ਅਤੇ ਨਾ ਝੁਕੇਗੀ।
ਉਨ੍ਹਾਂ ਕਿਹਾ, ''ਮੋਦੀ ਸਰਕਾਰ ਦੇ ਤਾਨਾਸ਼ਾਹੀਪੂਰਨ ਤੌਰ-ਤਰੀਕਿਆਂ ਅਤੇ ਸੰਵਿਧਾਨ ਦੀ ਅਣਦੇਖੀ, ਉਨ੍ਹਾਂ ਦੀ ਹੰਕਾਰੀ ਵਿਚਾਰਧਾਰਾ, ਵਿਰੋਧੀ ਧਿਰ ਵਿਰੁਧ ਗੰਭੀਰ ਮੁਕੱਦਮੇ ਲਾਉਣਾ ਅਤੇ ਮੀਡੀਆ ਨੂੰ ਸਤਾਉਣ ਵਰਗੀਆਂ ਸਾਜ਼ਸ਼ਾਂ ਦਾ ਪਰਦਾਫ਼ਾਸ਼ ਕਰਨ 'ਚ ਕਾਂਗਰਸ ਅੱਗੇ ਰਹਿ ਕੇ ਸੰਘਰਸ਼ ਕਰ ਰਹੀ ਹੈ।''ਉਨ੍ਹਾਂ ਕਿਹਾ ਕਿ ਕਾਂਗਰਸ ਇਕ ਸਿਆਸੀ ਪਾਰਟੀ ਨਹੀਂ ਬਲਕਿ ਕਿਤੇ ਅੱਗੇ ਦੀ ਸੋਚ ਹੈ। ਉਨ੍ਹਾਂ ਕਿਹਾ ਕਿ ਇਹ ਇਕ ਅੰਦੋਲਨ ਰਿਹਾ ਹੈ। ਅੱਜ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਾਂਗਰਸ ਪ੍ਰਧਾਨ ਦੀ ਅਗਵਾਈ 'ਚ ਕਾਂਗਰਸ ਉਹ ਪਾਰਟੀ ਬਣੇ ਜੋ ਇਕ ਵਾਰੀ ਫਿਰ ਸਾਡੇ ਦੇਸ਼ ਦਾ ਬੁਨਿਆਦੀ ਏਜੰਡਾ ਤੈਅ ਕਰੇ। ਕਾਂਗਰਸ ਫਿਰ ਇਕ ਵਾਰੀ ਉਹ ਪਾਰਟੀ ਬਣੇ ਜੋ ਵੰਨ-ਸੁਵੰਨੇ ਸਮਾਜ ਦੀਆਂ ਉਮੀਦਾਂ ਦੀ ਨੁਮਾਇੰਦਗੀ ਕਰੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕੁੱਝ ਮਹੀਨੇ ਬਾਅਦ ਕਰਨਾਟਕ ਵਿਧਾਨ ਸਭਾ 'ਚ ਉਨ੍ਹਾਂ ਦੀ ਪਾਰਟੀ ਦਾ ਸ਼ਾਨਦਾਰ ਪ੍ਰਦਰਸ਼ਨ ਹੋਵੇ ਤਾਕਿ ਉਹ ਮੁੜ ਤੋਂ ਦੇਸ਼ ਦੀ ਸਿਆਸੀ ਦਿਸ਼ਾ ਤੈਅ ਕਰੇ।ਝੰਡਾ ਲਹਿਰਾਉਣ ਅਤੇ ਕੌਮੀ ਤਰਾਨੇ ਨਾਲ ਅੱਜ ਇਥੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦਾ ਇਜਲਾਸ ਸ਼ੁਰੂ ਹੋਇਆ। ਇਜਲਾਸ ਸ਼ੁਰੂ ਹੋਣ ਵੇਲੇ ਹੀ ਸਟੇਡੀਅਮ ਲਗਭਗ ਪੂਰਾ ਭਰ ਗਿਆ ਸੀ। ਪਾਰਟੀ ਦੇ ਇਕ ਅਹੁਦੇਦਾਰ ਨੇ ਦਸਿਆ ਕਿ ਇਸ ਇਜਲਾਸ 'ਚ ਦੇਸ਼ ਭਰ ਤੋਂ ਤਿੰਨ ਹਜ਼ਾਰ ਡੈਲੀਗੇਟਸ ਅਤੇ 15 ਹਜ਼ਾਰ ਤੋਂ ਜ਼ਿਆਦਾ ਅਹੁਦੇਦਾਰਾਂ ਅਤੇ ਕਾਰਕੁਨਾਂ ਨੂੰ ਸੱਦਾ ਦਿਤਾ ਗਿਆ ਹੈ।ਮਹਾਂਇਜਲਾਸ ਦੌਰਾਨ ਪਾਰਟੀ ਨੇ ਚੋਣ ਕਮਿਸ਼ਨ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਬਜਾਏ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਉਣ ਦੇ ਪੁਰਾਣੇ ਤਰੀਕੇ ਨੂੰ ਲਾਗੂ ਕਰਨ ਦੀ ਅਪੀਲ ਕੀਤੀ। ਪਾਰਟੀ ਨੇ ਕਿਹਾ ਕਿ ਲੋਕਾਂ ਦੇ ਫ਼ਤਵੇ ਦੇ ਉਲਟ ਨਤੀਜਿਆਂ 'ਚ ਹੇਰਾਫੇਰੀ ਕਰਨ ਲਈ ਈ.ਵੀ.ਐਮ. ਦੇ ਦੁਰਉਪਯੋਗ ਦਾ ਸ਼ੱਕ ਹੈ।   (ਪੀਟੀਆਈ)