ਕਾਮਨਵੈਲਥ ਖੇਡਾਂ ਲਈ ਭਾਰਤੀ ਹਾਕੀ ਟੀਮ ਦੀ ਘੋਸ਼ਣਾ

13 March, 2018

ਨਵੀਂ ਦਿੱਲੀ : ਹਾਕੀ ਇੰਡੀਆ ਨੇ ਮੰਗਲਵਾਰ ਨੂੰ ਕਾਮਨਵੈਲਥ ਗੇਮਸ ਲਈ 18 ਮੈਂਬਰੀ ਟੀਮ ਦੀ ਘੋਸ਼ਣਾ ਕਰ ਦਿੱਤੀ ਹੈ। ਸੀਨੀਅਰ ਸਰਦਾਰ ਸਿੰਘ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਸਰਦਾਰ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੀ ਖਿਤਾਬੀ ਦੌੜ ਵਿਚ ਨਹੀਂ ਪਹੁੰਚ ਪਾਈ ਸੀ ਅਤੇ ਉਸਨੂੰ ਪੰਜਵੇਂ ਸਥਾਨ ਨਾਲ ਸੰਤੋਸ਼ ਰੱਖਣਾ ਪਿਆ ਸੀ।

21ਵੇਂ ਰਾਸ਼ਟਰਮੰਡਲ ਖੇਡਾਂ ਦਾ ਪ੍ਰਬੰਧ ਆਸਟਰੇਲੀਆ ਦੇ ਗੋਲਡ ਕੋਸਟ ਵਿਚ 4 ਤੋਂ 15 ਅਪ੍ਰੈਲ ਦਰਮਿਆਨ ਹੋਵੇਗਾ। ਭਾਰਤੀ ਟੀਮ ਨੂੰ ਪਾਕਿਸਤਾਨ, ਮਲੇਸ਼ੀਆ, ਵੇਲਸ ਅਤੇ ਇੰਗਲੈਂਡ ਨਾਲ ਪੂਲ-ਬੀ ਵਿਚ ਰੱਖਿਆ ਗਿਆ ਹੈ। ਮਨਪ੍ਰੀਤ ਸਿੰਘ ਦੀ ਕਪਤਾਨੀ ਵਿਚ ਭਾਰਤੀ ਟੀਮ 7 ਅਪ੍ਰੈਲ ਨੂੰ ਪਾਕਿਸਤਾਨ ਖਿਲਾਫ ਮੈਚ ਤੋਂ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗੀ। ਪਿਛਲੇ ਦੋ ਰਾਸ਼ਟਰਮੰਡਲ ਖੇਡਾਂ (2010, 2014) ਵਿਚ ਭਾਰਤ ਉਪ-ਜੇਤੂ ਰਿਹਾ ਹੈ। ਹੁਣ ਤੱਕ ਭਾਰਤ ਨੂੰ ਇਸ ਟੂਰਨਾਮੈਂਟ 'ਚੋਂ ਗੋਲਡ ਮੈਡਲ ਨਹੀਂ ਮਿਲਿਆ ਹੈ।ਮਨਪ੍ਰੀਤ ਦੀ ਕਪਤਾਨੀ ਵਿਚ ਭਾਰਤ ਨੇ 2017 ਏਸ਼ੀਆ ਕੱਪ ਵਿਚ ਸੋਨੇ ਦਾ ਤਗਮਾ ਅਤੇ ਭੁਵਨੇਸ਼ਵਰ ਵਿਚ ਹਾਕੀ ਵਿਸ਼ਵ ਲੀਗ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਸੀਨੀਅਰ ਗੋਲਕੀਪਰ ਸ਼੍ਰੀਜੇਸ਼ ਸੱਟ ਤੋਂ ਉੱਭਰ ਕੇ ਪਰਤੇ ਹਨ। ਉਨ੍ਹਾਂ ਦਾ ਸਾਥ 22 ਸਾਲ ਦੇ ਸੂਰਜ ਕਰਕੇਰਾ ਦੇਣਗੇ, ਜਿਨ੍ਹਾਂ ਨੇ ਪਿਛਲੇ ਸਾਲ ਭੁਵਨੇਸ਼ਵਰ ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ।

ਅਜਲਾਨ ਸ਼ਾਹ ਕੱਪ ਵਿਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਸਰਦਾਰ ਦਾ ਬਾਹਰ ਹੋਣਾ ਤੈਅ ਸੀ, ਹਾਲਾਂਕਿ ਚੰਗੇ ਪ੍ਰਦਰਸ਼ਨ ਦੇ ਬਾਵਜੂਦ ਰਮਨਦੀਪ ਸਿੰਘ ਨੂੰ ਨਹੀਂ ਚੁਣਿਆ ਜਾਣਾ ਹੈਰਾਨੀ ਭਰਿਆ ਹੈ। ਯੁਵਾ ਦਿਲਪ੍ਰੀਤ ਸਿੰਘ ਅਤੇ ਵਿਵੇਕ ਸਾਗਰ ਪ੍ਰਸਾਦ ਨੂੰ ਵੀ ਨਿਊਜ਼ੀਲੈਂਡ ਦੌਰੇ ਉੱਤੇ ਚੰਗੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ।18 ਮੈਂਬਰੀ ਭਾਰਤੀ ਟੀਮ-

ਗੋਲਕੀਪਰ
ਸ਼੍ਰੀਜੇਸ਼, ਸੂਰਜ ਕਰਕੇਰਾ
ਡਿਫੈਂਡਰ
ਰੁਪਿੰਦਰ ਪਾਲ ਸਿੰਘ, ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਕੋਠੀਜੀਤ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹਿਦਾਸ।
ਮਿਡਫੀਲਡਰ
ਮਨਪ੍ਰੀਤ ਸਿੰਘ (ਕਪਤਾਨ), ਚਿੰਗਲੇਂਸਾਨਾ ਸਿੰਘ (ਉਪ ਕਪਤਾਨ), ਸੁਮਿਤ, ਵਿਵੇਕ ਸਾਗਰ ਪ੍ਰਸਾਦ
ਫਾਰਵਰਡ
ਆਕਾਸ਼ਦੀਪ ਸਿੰਘ, ਐਸ.ਵੀ. ਸੁਨੀਲ, ਗੁਰਜੰਤ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਦਿਲਪ੍ਰੀਤ ਸਿੰਘ।