'ਜੀਐਸਟੀ 'ਚ ਦਿਤੀਆਂ ਛੋਟਾਂ ਕਾਰਨ ਹੁਣੇ ਹੀ ਦੀਵਾਲੀ ਮਨਾ ਰਹੇ ਹਨ ਵਪਾਰੀ'

07 October, 2017


ਦਵਾਰਕਾ (ਗੁਜਰਾਤ), 7 ਅਕਤੂਬਰ: ਜੀ.ਐਸ.ਟੀ. ਕੌਂਸਲ ਦੇ ਕਲ ਦੇ ਫ਼ੈਸਲਿਆਂ ਦੀ ਤਾਰੀਫ਼ ਕਰਦਿਆਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਨਾਲ ਦੇਸ਼ਵਾਸੀਆਂ ਦੀ ਦਿਵਾਲੀ ਛੇਤੀ ਆ ਗਈ ਹੈ। ਇਸ 'ਚ ਤਬਦੀਲੀਆਂ ਕਰ ਕੇ 'ਸਿੰਪਲ ਟੈਕਸ' ਨੂੰ ਹੋਰ 'ਸਿੰਪਲ' ਕਰ ਦਿਤਾ ਗਿਆ ਹੈ। ਮੁੱਖ ਤੌਰ 'ਤੇ ਗੁਜਰਾਤ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰਖਦਿਆਂ ਕਲ ਜੀ.ਐਸ.ਟੀ. ਕੌਂਸਲ ਵਲੋਂ ਕੀਤੇ ਫ਼ੈਸਲਿਆਂ 'ਤੇ ਪ੍ਰਧਾਨ ਮੰਤਰੀ ਨੇ ਕਿਹਾ, ''ਕੌਂਸਲ ਦੇ ਤਾਜ਼ਾ ਫ਼ੈਸਲਿਆਂ ਨਾਲ ਦੇਸ਼ਵਾਸੀਆਂ ਦੀ ਦਿਵਾਲੀ ਛੇਤੀ ਆ ਗਈ ਹੈ। ਜੀ.ਐਸ.ਟੀ. ਬਾਬਤ ਅਹਿਮ ਫ਼ੈਸਲੇ ਕੀਤੇ ਗਏ ਜਿਨ੍ਹਾਂ ਦਾ ਸਾਰੇ ਪਾਸੇ ਸਵਾਗਤ ਹੋ ਰਿਹਾ ਹੈ। ਤਿੰਨ ਮਹੀਨਿਆਂ 'ਚ ਮਿਲੀ ਜਾਣਕਾਰੀ ਦੇ ਆਧਾਰ 'ਤੇ ਇਸ 'ਚ ਤਬਦੀਲੀਆਂ ਕਰ ਕੇ ਇਸ ਟੈਕਸ ਨੂੰ ਹੋਰ ਆਸਾਨ ਕੀਤਾ ਗਿਆ ਹੈ।''ਪ੍ਰਧਾਨ ਮੰਤਰੀ ਨੇ ਛੋਟੇ ਅਤੇ ਦਰਮਿਆਨੇ ਵਪਾਰੀਆਂ ਲਈ ਜੀ.ਐਸ.ਟੀ. 'ਚ ਕੀਤੀਆਂ ਤਬਦੀਲੀਆਂ ਦੀ ਤਾਰੀਫ਼ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਹੀਂ ਚਾਹੁੰਦੀ ਕਿ ਵਪਾਰੀ ਵਰਗ ਲਾਲ ਫ਼ੀਤਾਸ਼ਾਹੀ 'ਚ ਫਸੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਜੀ.ਐਸ.ਟੀ. ਲਾਗੂ ਹੋਣ ਤੋਂ ਬਾਅਦ ਤਿੰਨ ਮਹੀਨਿਆਂ ਤਕ ਉਸ ਦਾ ਅਧਿਐਨ ਕਰਨਗੇ ਅਤੇ ਉਸ ਤੋਂ ਬਾਅਦ ਸਮੱਸਿਆਵਾਂ ਦਾ ਹੱਲ ਕਰਨਗੇ। ਉਨ੍ਹਾਂ ਕਿਹਾ, ''ਅਸੀਂ ਨਹੀਂ ਚਾਹੁੰਦੇ ਕਿ ਦੇਸ਼ ਦਾ ਵਪਾਰੀ ਵਰਗ ਲਾਲ ਫ਼ੀਤਾਸ਼ਾਹੀ, ਫ਼ਾਈਲਾਂ, ਨੌਕਰਸ਼ਾਹੀ 'ਚ ਫਸੇ।


ਮੈਂ ਅਜਿਹਾ ਕਦੀ ਨਹੀਂ ਚਾਹੁੰਦਾ।''ਨਵੀਂ ਟੈਕਸ ਵਿਵਸਥਾ ਲਾਗੂ ਹੋਣ ਤੋਂ ਤਿੰਨ ਮਹੀਨਿਆਂ ਬਾਅਦ ਜੀ.ਐਸ.ਟੀ. ਕੌਂਸਲ ਨੇ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਫ਼ਾਈਲਿੰਗ ਅਤੇ ਟੈਕਸ ਭੁਗਤਾਨਾਂ 'ਚ ਰਾਹਤ ਦੇਣ ਲਈ ਕਲ ਵੱਡੀਆਂ ਤਬਦੀਲੀਆਂ ਕੀਤੀਆਂ ਸਨ ਅਤੇ ਨਿਰਯਾਤਕਾਂ ਲਈ ਨਿਯਮ ਸਰਲ ਕੀਤੇ ਅਤੇ 27 ਤਰ੍ਹਾਂ ਦੇ ਸਾਮਾਨ 'ਤੇ ਟੈਕਸ ਦੀਆਂ ਦਰਾਂ ਘੱਟ ਕੀਤੀਆਂ ਸਨ। ਦਵਾਰਕਾ 'ਚ ਮੋਦੀ ਨੇ 5825 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਿਆ। ਉਨ੍ਹਾਂ ਰਾਸ਼ਟਰੀ ਰਾਜਮਾਰਗ-51 'ਤੇ ਬੇਟ ਦਵਾਰਕਾ ਅਤੇ ਓਖਾ ਵਿਚਕਾਰ ਮੋਟੇ ਤਾਰਾਂ 'ਤੇ ਖਿੱਚੇ ਸਿਗਨੇਚਰ ਬ੍ਰਿਜ ਸਮੇਤ ਹੋਰ ਪ੍ਰਾਜੈਕਟਾਂ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰਖਿਆ। ਇਸ ਪੁਲ ਦੇ ਪ੍ਰਾਜੈਕਟਾਂ ਦੀ ਲਾਗਤ 962 ਕਰੋੜ ਰੁਪਏ ਹੈ।ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਵੇਰੇ ਪ੍ਰਸਿੱਧ ਦਵਾਰਕਾਧੀਸ਼ ਮੰਦਰ 'ਚ ਪੂਜਾ ਨਾਲ ਅਪਣੀ ਦੋ ਦਿਨਾਂ ਦੀ ਗੁਜਰਾਤ ਯਾਤਰਾ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਹ ਅਪਣੇ ਜਨਮ ਸਥਾਨ ਵਡਗਾਉਂ ਵੀ ਜਾਣਗੇ। ਜ਼ਿਕਰਯੋਗ ਹੈ ਕਿ ਗੁਜਰਾਤ 'ਚ ਇਸੇ ਸਾਲ ਦੇ ਅਖ਼ੀਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਪਣੀ ਇਸ ਦੋ ਦਿਨਾਂ ਦੀ ਯਾਤਰਾ ਦੌਰਾਨ ਮੋਦੀ ਵੱਖੋ-ਵੱਖ ਪ੍ਰਾਜੈਕਟਾਂ ਦਾ ਨੀਂਹ ਪੱਥਰ ਰਖਣਗੇ ਅਤੇ ਉਦਘਾਟਨ ਕਰਨਗੇ। ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰੀ ਅਪਣੇ ਜੱਦੀ ਪਿੰਡ ਜਾਣਗੇ।                                                            (ਪੀਟੀਆਈ)