ਜਾਖੜ ਨੇ ਅਕਾਲੀ ਦਲ ਨੂੰ ਪੁਛਿਆ ਬਾਦਲ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਕਿਸਾਨੀ ਕਰਜ਼ਾ ਮਾਫ਼ੀ ਲਈ ਕੀ ਕੀਤਾ?

12 January, 2018

ਗੁਰਦਾਸਪੁਰ/ਬਟਾਲਾ, 12 ਜਨਵਰੀ (ਹੇਮੰਤ ਨੰਦਾ/ਡਾ. ਹਰਪਾਲ ਸਿੰਘ ਬਟਾਲਵੀ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨੇ ਕਿਸਾਨੀ ਕਰਜਿਆਂ ਦੀ ਮਾਫ਼ੀ ਲਈ ਕੀ ਕੀਤਾ ਸੀ।ਸ੍ਰੀ ਜਾਖੜ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਅਕਾਲੀ ਦਲ ਦੇ ਆਗੂ ਰਾਜਪਾਲ ਕੋਲ ਮਿਲ ਕੇ ਕਿਸਾਨੀ ਕਰਜ਼ਿਆਂ ਦੀ ਗੱਲ ਕਰ ਰਹੇ ਹਨ ਜਦਕਿ ਜਦ ਉਨ੍ਹਾਂ ਦੀ ਅਪਣੀ ਸਰਕਾਰ ਸੀ ਤਾਂ ਉਨ੍ਹਾਂ ਕਿਸਾਨਾਂ ਲਈ ਕੁੱਝ ਨਹੀਂ ਕੀਤਾ। ਸ੍ਰੀ ਜਾਖੜ ਨੇ ਅਕਾਲੀ ਆਗੂਆਂ ਨੂੰ ਸਲਾਹ ਦਿਤੀ ਕਿ ਉਹ ਰਾਜਪਾਲ ਨੂੰ ਮਿਲਣ ਦੀ ਬਜਾਏ ਅਪਣੀ ਭਾਈਵਾਲ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਜਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਕਿਸਾਨੀ ਕਰਜ਼ੇ ਮਾਫ਼ੀ ਲਈ ਮਦਦ ਕਿਉਂ ਨਹੀਂ ਮੰਗ ਲੈਂਦੇ। ਜਾਖੜ ਨੇ ਅਕਾਲੀ ਰਾਜ ਵੇਲੇ ਬਾਰੇ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਾਰਚ 2016 ਵਿਚ 'ਪੰਜਾਬ ਸੈਟਲਮੈਂਟ ਆਫ਼ ਐਗਰੀਕਲਰਚਰ ਇਨਡੈਬਟਨੈਸ ਬਿੱਲ 2016' ਪਾਸ ਕੀਤਾ ਸੀ ਪਰ ਬਿੱਲ ਪਾਸ ਕਰਨ ਤੋਂ ਬਾਅਦ ਇਹ ਸਰਕਾਰ ਪੁਰੀ ਤਰ੍ਹਾਂ ਨਾਲ ਹੱਥ 'ਤੇ ਹੱਥ ਧਰ ਕੇ ਬੈਠੀ ਰਹੀ ਅਤੇ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਬਣਨ ਵਾਲੇ ਕਰਜ਼ਾ ਨਿਪਟਾਰਾ ਟ੍ਰਿਬਿਊਨਲਾਂ ਦੇ ਗਠਨ ਲਈ ਕੁੱਝ ਨਹੀਂ ਕੀਤਾ।


 ਛੇ ਮਹੀਨੇ ਬਾਅਦ ਸਤੰਬਰ 2016 ਵਿਚ 22 ਵਿਚੋਂ ਕੇਵਲ 5 ਜ਼ਿਲ੍ਹਿਆਂ ਵਿਚ ਜ਼ਿਲ੍ਹਾ ਟ੍ਰਿਬਿਊਨਲ ਦੇ ਚੇਅਰਮੈਨ ਲਾਏ ਪਰ ਨਾ ਤਾਂ ਉਨ੍ਹਾਂ ਨੂੰ ਕੋਈ ਸਟਾਫ਼ ਦਿਤਾ ਤੇ ਨਾ ਹੀ ਇਸ ਸਬੰਧੀ ਹੋਰ ਕੋਈ ਪ੍ਰਕ੍ਰਿਆ ਅੱਗੇ ਤੋਰੀ।ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨੀ ਕਰਜ਼ਿਆਂ ਦੇ ਨਾਂਅ 'ਤੇ ਕੀਤੀ ਜਾ ਰਹੀ ਸੌੜੀ ਸਿਆਸਤ ਦੀ ਤਿੱਖੀ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਲੋੜਵੰਦ ਕਿਸਾਨਾਂ ਦੇ ਕਰਜ਼ੇ ਮਾਫ਼ ਹੋ ਰਹੇ ਹਨ ਤਾਂ ਅਕਾਲੀ ਦਲ ਨੂੰ ਇਸ ਵਿਚ ਕੀ ਪ੍ਰੇਸ਼ਾਨੀ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਤਾਂ ਵਿਰੋਧੀ ਪਾਰਟੀ ਇਹ ਆਖ ਰਹੀ ਸੀ ਕਿ ਸਰਕਾਰ ਕਰਜ਼ੇ ਮਾਫ਼ ਨਹੀਂ ਕਰ ਰਹੀ ਅਤੇ ਹੁਣ ਜਦ ਪੜਾਅਵਾਰ ਤਰੀਕੇ ਨਾਲ ਕਿਸਾਨੀ ਕਰਜ਼ੇ ਮਾਫ ਕਰਨ ਦੀ ਪ੍ਰਕ੍ਰਿਆ ਆਰੰਭ ਹੋ ਗਈ ਹੈ ਤਾਂ ਅਕਾਲੀ ਦਲ ਨੂੰ ਜਾਪਣ ਲੱਗਿਆ ਹੈ ਕਿ ਉਸ ਕੋਲ ਤਾਂ ਹੁਣ ਵਿਰੋਧ ਦਾ ਕੋਈ ਮੁੱਦਾ ਹੀ ਨਹੀਂ ਬਚਿਆ। ਜਾਖੜ ਨੇ ਹੋਰ ਕਿਹਾ ਕਿ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਦੀ ਜਾਂਚ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਕਮਿਸ਼ਨ ਦੀ ਰੀਪੋਰਟ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸ ਦੇ ਆਗੂ ਹੁਣ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਹੁਣ ਜਦ ਕੋਈ ਮੁੱਦਾ ਨਹੀਂ ਬਚਿਆ ਹੈ ਤਾਂ ਉਹ ਅਪਣੀ ਗੁਆਚੀ ਸਿਆਸੀ ਸ਼ਾਖ ਬਹਾਲੀ ਲਈ ਨਿਆਂ ਪ੍ਰਣਾਲੀ 'ਤੇ ਵੀ ਸਵਾਲ ਚੁੱਕਣ ਵਰਗੇ ਕੋਝੇ ਯਤਨ ਕਰ ਰਿਹਾ ਹੈ।