ਇਸਰੋ ਨੇ ਇਕੱਠੇ 30 ਉਪਗ੍ਰਹਿ ਪੁਲਾੜ ਪੰਧ 'ਤੇ ਪਾਏ

12 January, 2018

ਸ੍ਰੀਹਰੀਕੋਟਾ (ਆਂਧਰ ਪ੍ਰਦੇਸ਼), 12 ਜਨਵਰੀ: ਭਾਰਤ ਨੇ ਅੱਜ ਮੌਸਮ ਦੀ ਨਿਗਰਾਨੀ ਕਰਨ ਵਾਲੇ ਕਾਰਟੋਸੈਟ-2 ਉਪਗ੍ਰਹਿ ਨੂੰ ਸਫ਼ਲਤਾਪੂਰਵਕ ਪੁਲਾੜ 'ਚ ਸਥਾਪਤ ਕਰ ਦਿਤਾ। ਇਸ ਦੇ ਨਾਲ 29 ਹੋਰ ਉਪਗ੍ਰਹਿਆਂ ਨੂੰ ਵੀ ਛਡਿਆ ਗਿਆ ਹੈ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਪੀ.ਐਸ.ਐਲ.ਵੀ. ਸੀ-40 ਲਾਂਚ ਵਹੀਕਲ ਨਾਲ ਇਨ੍ਹਾਂ ਉਪਗ੍ਰਹਿਆਂ ਨੂੰ ਕਾਮਯਾਬੀ ਨਾਲ ਪੁਲਾੜ ਪੰਧ 'ਤੇ ਸਥਾਪਤ ਕਰ ਦਿਤਾ। ਚਾਰ ਮਹੀਨੇ ਪਹਿਲਾਂ ਹੀ ਇਸਰੋ ਦਾ ਇਕ ਪੁਲਾੜ ਮਿਸ਼ਨ ਅਸਫ਼ਲ ਰਿਹਾ ਸੀ। ਇਸ ਨੂੰ ਪੀ.ਐਸ.ਐਲ.ਵੀ.-39 ਨਾਲ ਦਾਗਿਆ ਗਿਆ ਸੀ। ਇਸਰੋ ਦੇ ਚੇਅਰਮੈਨ ਏ.ਐਸ. ਕਿਰਨ ਕੁਮਾਰ ਨੇ ਐਲਾਨ ਕੀਤਾ ਕਿ ਕਾਰਟੋਸੈਟ-2 ਉਪਗ੍ਰਹਿ ਇਸ ਸ਼੍ਰੇਣੀ 'ਚ ਸਤਵਾਂ ਉਪਗ੍ਰਹਿ ਹੈ ਜੋ ਇਕ ਨੈਨੋ ਸੈਟੇਲਾਈਟ ਹੈ। 28 ਕੋਮਾਂਤਰੀ ਉਪਗ੍ਰਹਿਆਂ 'ਚ ਤਿੰਨ ਮਾਈਕਰੋ ਅਤੇ 25 ਨੈਟੋ-ਸੈਟੇਲਾਈਟ ਹਨ। ਇਹ ਛੇ ਦੇਸ਼ਾਂ ਕੈਨੇਡਾ, ਫ਼ਿਨਲੈਂਡ, ਫ਼ਰਾਂਸ, ਕੋਰੀਆ, ਬਰਤਾਨੀਆ ਅਤੇ ਅਮਰੀਕਾ ਦੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਸ.ਐਲ.ਵੀ. ਸੀ-40 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੇ ਵਿਗਿਆਨਿਕਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਪਲ ਪੁਲਾੜ ਪ੍ਰੋਗਰਾਮ 'ਚ ਦੇਸ਼ ਦੇ ਸੁਨਹਿਰੀ ਭਵਿੱਖ ਨਾਲ ਇਸਰੋ ਦੀਆਂ ਪ੍ਰਾਪਤੀਆਂ ਨੂੰ ਵਿਖਾਉਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਰਨ ਕੁਮਾਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਭਾਰਤੀ ਪੁਲਾੜ ਏਜੰਸੀ ਦਾ ਚੰਦਰਯਾਨ-2 ਮਿਸ਼ਨ 'ਤੇ ਤੈਅ ਯੋਜਨਾ ਅਨੁਸਾਰ ਕੰਮ ਚਲ ਰਿਹਾ ਹੈ ਅਤੇ ਉਡਾਨ ਮਾਡਲ ਵੱਖੋ-ਵੱਖ ਜਾਂਚਾਂ ਵਿਚੋਂ ਲੰਘ ਰਹੇ ਹਨ। ਚੰਦਰਮਾ ਲਈ ਦੇਸ਼ ਦੇ ਦੂਜੇ ਮਿਸ਼ਨ ਚੰਦਰਯਾਨ-2 'ਚ ਇਸਰੋ ਇਸ ਕੁਦਰਤੀ ਉਪਗ੍ਰਹਿ ਦੀ ਪਰਤ 'ਤੇ ਖੋਜ ਕਾਰਜ ਕਰਨ ਦੀ ਯੋਜਨਾ ਬਣਾ ਰਿਹਾ ਹੈ।  (ਪੀਟੀਆਈ)