ਹਿਮਾਚਲ ਪ੍ਰਦੇਸ਼ 'ਚ 9 ਨਵੰਬਰ ਨੂੰ ਪੈਣਗੀਆਂ ਵੋਟਾਂ ਅਤੇ 18 ਦਸੰਬਰ ਨੂੰ ਗਿਣਤੀ

12 October, 2017

ਨਵੀਂ ਦਿੱਲੀ, 12 ਅਕਤੂਬਰ: ਹਿਮਾਚਲ ਪ੍ਰਦੇਸ਼ 'ਚ 9 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਚੋਣ ਕਮਿਸ਼ਨ ਨੇ ਅੱਜ ਇਹ ਐਲਾਨ ਕੀਤਾ। ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ।ਮੁੱਖ ਚੋਣ ਕਮਿਸ਼ਨਰ ਏ.ਕੇ. ਜੋਤੀ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਦੀਆਂ 68 ਵਿਧਾਨ ਸਭਾ ਸੀਟਾਂ ਲਈ ਇਕ ਗੇੜ 'ਚ 9 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 18 ਦਸੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਜਰਾਤ 'ਚ ਵੀ ਵੋਟਾਂ 18 ਦਸੰਬਰ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆਂ। ਹਾਲਾਂਕਿ ਤਰੀਕਾਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। 


ਉਨ੍ਹਾਂ ਕਿਹਾ ਕਿ ਗੁਜਰਾਤ ਦੇ ਮੁੱਖ ਸਕੱਤਰ ਨੇ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਸੂਬੇ 'ਚ ਇਸ ਸਾਲ ਜੁਲਾਈ 'ਚ ਭਿਆਨਕ ਹੜ੍ਹਾਂ ਤੋਂ ਬਾਅਦ ਸ਼ੁਰੂ ਕੀਤੀ ਰਾਹਤ ਮੁਹਿੰਮ ਅਜੇ ਪੂਰੀ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਹੜ੍ਹ ਰਾਹਤ ਮੁਹਿੰਮ ਅਤੇ ਹੋਰ ਕਾਰਨਾਂ ਕਰ ਕੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਬਾਅਦ 'ਚ ਐਲਾਨਿਆ ਜਾਵੇਗਾ। ਜੋਤੀ ਨੇ ਦਸਿਆ ਕਿ ਚੋਣ ਪ੍ਰਕਿਰਿਆ 16 ਅਕਤੂਬਰ ਨੂੰ ਨੋਟੀਫ਼ੀਕੇਸ਼ਨ ਜਾਰੀ ਹੋਣ ਨਾਲ ਸ਼ੁਰੂ ਹੋ ਜਾਵੇਗੀ ਅਤੇ ਇਸੇ ਮਿਤੀ ਤੋਂ ਉਮੀਦਵਾਰ ਅਪਣੀ ਨਾਮਜ਼ਦਗੀ ਕਰ ਸਕਣਗੇ। ਹਿਮਾਚਲ ਪ੍ਰਦੇਸ਼ ਦੀ 12ਵੀਂ ਵਿਧਾਨ ਸਭਾ ਲਈ ਸਾਲ 2012 'ਚ 20 ਦਸੰਬਰ ਨੂੰ ਚੋਣਾਂ ਮੁਕੰਮਲ ਹੋਈਆਂ ਸਨ। 12ਵੀਂ ਵਿਧਾਨ ਸਭਾ ਦਾ ਕਾਰਜਕਾਲ ਅਗਲੇ ਸਾਲ 7 ਜਨਵਰੀ ਨੂੰ ਪੂਰਾ ਹੋ ਰਿਹਾ ਹੈ। ਸੂਬੇ 'ਚ 49.05 ਲੱਖ ਵੋਟਰ ਹਨ। ਸੂਬੇ ਦੀਆਂ 68 ਸੀਟਾਂ 'ਚੋਂ 17 ਰਿਜ਼ਰਵ ਹਨ।                                 (ਪੀਟੀਆਈ)