ਗੁਰਦਾਸਪੁਰ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ, ਕੜੀ ਸੁਰੱਖਿਆ

11 October, 2017

ਗੁਰਦਾਸਪੁਰ : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣਾਂ ਦੀ ਪ੍ਰਕਿਰਿਆ ਸਵੇਰੇ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਵੋਟ ਪਾਉਣ ਲਈ ਘਰਾਂ 'ਚੋਂ ਨਿਕਲਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚੋਣਾਂ ਵਿਚ 15 ਲੱਖ 17 ਹਜ਼ਾਰ 436 ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਨਗੇ। ਜ਼ਿਮਨੀ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ।

ਲੋਕ ਸਭਾ ਹਲਕੇ 'ਚ ਦੋ ਜ਼ਿਲਿਆਂ ਗੁਰਦਾਸਪੁਰ ਤੇ ਪਠਾਨਕੋਟ ਪੈਂਦੇ ਹਨ, ਜਿਨ੍ਹਾਂ 'ਚ 9 ਵਿਧਾਨ ਸਭਾ ਹਲਕੇ ਹਨ, ਜਿਸ 'ਚੋਂ ਜ਼ਿਲਾ ਗੁਰਦਾਸਪੁਰ 'ਚ 6 ਵਿਧਾਨ ਸਭਾ ਖੇਤਰ ਹਨ ਤੇ ਜ਼ਿਲਾ ਪਠਾਨਕੋਟ 'ਚ ਤਿੰਨ ਵਿਧਾਨ ਸਭਾ ਖੇਤਰ ਹਨ। 


ਦੋਵਾਂ ਜ਼ਿਲਿਆਂ ਦੇ ਲਗਭਗ 15 ਲੱਖ 17 ਹਜ਼ਾਰ 436 ਵੋਟਰ ਹਨ, ਜਿਨ੍ਹਾਂ 'ਚੋਂ 8 ਲੱਖ 7 ਹਜ਼ਾਰ 924 ਵੋਟਰ ਪੁਰਸ਼ ਹਨ ਤੇ 7 ਲੱਖ 9 ਹਜ਼ਾਰ 498 ਵੋਟਰ ਇਸਤਰੀਆਂ, 18 ਤੋਂ 19 ਸਾਲ ਦੇ 85 ਹਜ਼ਾਰ 906 ਵੋਟਰ ਅਤੇ 14 ਥਰਡ ਜੈਂਡਰ ਵੋਟਰ ਸ਼ਾਮਲ ਹਨ।

ਚੋਣ ਕਮਿਸ਼ਨ ਵਲੋਂ ਜ਼ਿਮਨੀ ਚੋਣ ਲਈ 1781 ਪੋਲਿੰਗ ਬੂਥ ਬਣਾਏ ਗਏ ਹਨ। ਦੋਵਾਂ ਜ਼ਿਲਿਆਂ 'ਚ 457 ਸੰਵੇਦਨਸ਼ੀਲ ਤੇ 83 ਅਤਿ ਸੰਵੇਦਨਸ਼ੀਲ ਪੋਲਿੰਗ ਬੂਥ ਹਨ, ਜਿਨ੍ਹਾਂ 'ਤੇ ਵੀਡੀਓ ਗ੍ਰਾਫੀ ਕਰਵਾਈ ਜਾ ਰਹੀ ਹੈ। ਚੋਣ ਪ੍ਰਕਿਰਿਆ ਪੂਰੀ ਕਰਨ ਲਈ 8500 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ, ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਪੋਲਿੰਗ ਬੂਥ 'ਤੇ ਵੋਟ ਪਾਉਣ ਦੇ ਲਈ ਵੀ. ਵੀ. ਪੀ. ਐੱਟ ਮਸ਼ੀਨ ਲਗਾਈ ਗਈ ਹੈ।