ਦਿਨ ਦਿਹਾੜੇ ਲੁਟੇਰੇ ਦੁਕਾਨ ਵਿਚੋਂ ਨਕਦੀ ਲੁਟ ਕੇ ਫ਼ਰਾਰ

18 March, 2018

ਸ੍ਰੀ ਮਾਛੀਵਾੜਾ ਸਾਹਿਬ, 17 ਮਾਰਚ (ਲਾਲ ਸਿੰਘ ਮਾਂਗਟ) : ਅੱਜ ਸ਼ਾਮ ਕਰੀਬ ਪੰਜ ਵਜੇ ਰਾਹੋਂ ਮਾਰਗ 'ਤੇ ਸਥਿਤ ਇਕ ਬੋਰਿੰਗ ਵਰਕਸ ਦੀ ਦੁਕਾਨ 'ਤੇ ਗਾਹਕ ਬਣ ਕੇ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਬੈਠੀ ਔਰਤ ਨੂੰ ਚਕਮਾ ਦੇ ਕੇ ਕਰੀਬ 56 ਹਜ਼ਾਰ ਦੀ ਨਕਦੀ ਗਲੇ ਵਿਚ ਕੱਢ ਕੇ ਫ਼ਰਾਰ ਹੋ ਗਏ। ਦੁਕਾਨ ਦੇ ਗਲੇ 'ਚੋਂ ਪੈਸੇ ਕਢਦੇ ਔਰਤ ਨੇ ਨੌਜਵਾਨਾਂ ਨੂੰ ਦੇਖ ਲਿਆ ਪਰ ਜਦੋਂ ਤਕ ਰੌਲਾ ਪਾਉਂਦੀ ਉਦੋਂ ਤਕ ਦੋਵੇਂ ਅਪਣੇ ਲਾਲ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਉਧਰ ਇਸ ਦੀ ਸ਼ਿਕਾਇਤ ਨੂੰ ਦਰਜ ਕਰਾਉਣ ਤੋਂ ਬਾਅਦ ਦੁਕਾਨ ਮਾਲਕ ਅਮਰਜੀਤ ਸਿੰਘ ਨੇ ਦਸਿਆ ਕਿ ਉਹ ਅਪਣੀ ਮਾਤਾ ਮਹਿੰਦਰ ਕੌਰ ਨੂੰ ਦੁਕਾਨ 'ਤੇ ਬਿਠਾ ਕੇ ਕਿਸੇ ਕੰਮ ਲਈ ਬਜ਼ਾਰ ਗਿਆ ਸੀ ਕਿ ਪਿੱਛੇ ਤੋਂ ਦੋ 


ਮੋਨੇ ਨੌਜਵਾਨ ਜਿਨ੍ਹਾਂ ਵਿਚ ਇਕ ਨੇ ਨੀਲੀ ਤੇ ਦੂਸਰੇ ਨੇ ਲਾਲ ਰੰਗ ਦੀ ਟੀ ਸ਼ਰਟ ਪਹਿਨੀ ਹੋਈ ਸੀ ਦੁਕਾਨ 'ਤੇ ਆਏ ਅਤੇ ਸੀਲ ਮੰਗੀ, 20 ਰੁਪਏ ਮੁਲ ਦੱਸਣ 'ਤੇ ਉਨ੍ਹਾਂ ਨੇ ਦਸ ਸੀਲਾਂ ਕਢਣ ਨੂੰ ਕਿਹਾ, ਜਦੋਂ ਤਕ ਉਸ ਦੀ ਮਾਤਾ ਦੁਕਾਨ ਦੇ ਪਿਛਲੇ ਹਿੱਸੇ 'ਚੋਂ ਸੀਲ ਕਢਣ ਗਈ ਤਾਂ ਦੋਵਾਂ ਨੇ ਗਲੇ 'ਚੋਂ ਕਰੀਬ 55 ਹਜ਼ਾਰ ਰੁਪਏ ਕੱਢ ਲਏ ਤੇ ਤੇਜ਼ੀ ਨਾਲ ਫ਼ਰਾਰ ਹੋ ਗਏ। ਦੁਕਾਨਦਾਰ ਨੇ ਦਸਿਆ ਕਿ ਸੀਲਾਂ ਦੇ 200 ਰੁਪਏ ਕੱਟਦੇ ਸਮੇਂ ਦੋਹਾਂ ਨੇ ਗਲੇ 'ਚ ਪਏ ਰੁਪਏ ਦੇਖ ਲਏ ਸਨ। ਪੀੜਤ ਨੇ ਦਸਿਆ ਕਿ ਉਨ੍ਹਾਂ ਦੀ ਅੱਜ ਦੀ ਸੇਲ ਨਹੀਂ ਸੀ ਬਲਕਿ ਪੈਸੇ ਕਿਸੇ ਵਪਾਰੀ ਨੂੰ ਦੇਣ ਲਈ ਰੱਖੇ ਸੀ। ਇਸ ਸਬੰਧੀ ਗੱਲ ਕਰਨ 'ਤੇ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਵਲੋਂ ਬਜ਼ਾਰ 'ਚ ਲੱਗੇ ਸੀ.ਸੀ. ਟੀ. ਵੀ. ਕੈਮਰੇ ਚੈੱਕ ਕਰ ਕੇ ਜਾਂਚ ਕੀਤੀ ਜਾ ਰਹੀ ਹੈ।  ਦੋਸ਼ੀਆਂ ਦੀ ਪਛਾਣ ਹੁੰਦਿਆਂ ਹੀ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।