ਧੋਖਾਧੜੀ ਮਾਮਲੇ ਵਿਚ ਵਿਜੈ ਮਾਲਿਆ ਨੂੰ ਦੋ ਅਪ੍ਰੈਲ ਤਕ ਮਿਲੀ ਜ਼ਮਾਨਤ

13 January, 2018

ਲੰਡਨ, 12 ਜਨਵਰੀ : ਭਾਰਤੀ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਕਰੀਬ 9000 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ੀ ਵਿਜੈ ਮਾਲਿਆ ਨੂੰ ਬ੍ਰਿਟੇਨ ਦੀ ਇਕ ਅਦਾਲਤ ਨੇ ਦੋ ਅਪ੍ਰੈਲ ਤਕ ਜ਼ਮਾਨਤ ਦੇ ਦਿਤੀ ਹੈ। ਮਾਲਿਆ ਦੇ ਵਕੀਲਾਂ ਨੇ ਭਾਰਤ ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਪ੍ਰਵਾਨਗੀ 'ਤੇ ਸਵਾਲ ਉਠਾਉਂਦੇ ਹੋਏ ਇਸ 'ਤੇ ਬਹਿਸ ਦੀ ਮੰਗ ਕੀਤੀ।ਬਚਾਅ ਪੱਖ ਦੀ ਦਲੀਲ ਪੂਰੀ ਨਾ ਹੋਣ ਕਾਰਨ ਵਿਜੈ ਮਾਲਿਆ ਦੀ ਹਵਾਲਗੀ ਮਾਮਲੇ ਦੀ ਸੁਣਵਾਈ ਪੂਰੀ ਨਹੀਂ ਹੋ ਸਕੀ। ਇਸ ਮਗਰੋਂ ਜੱਜ ਨੇ ਮਾਲਿਆ ਨੂੰ 2 ਅਪ੍ਰੈਲ ਤਕ ਜ਼ਮਾਨਤ ਦੇ ਦਿਤੀ। ਹਵਾਲਗੀ ਮਾਮਲੇ ਦੀ ਸੁਣਵਾਈ ਲਈ ਕਾਰੋਬਾਰੀ ਮਾਲਿਆ ਬ੍ਰਿਟੇਨ ਦੀ ਵੈਸਟਮਿੰਸਟਰ ਮੈਜਿਸਟ੍ਰੈਟ ਅਦਾਲਤ ਵਿਚ ਪੇਸ਼ ਹੋਏ।


 ਇਹ ਸੁਣਵਾਈ ਮਾਲਿਆ ਹਵਾਲਗੀ ਮਾਮਲੇ ਦੀ ਆਖ਼ਰੀ ਸੁਣਵਾਈ ਹੋਣ ਦੀ ਉਮੀਦ ਸੀ। ਬਚਾਅ ਪੱਖ ਮਾਲਿਆ ਵਿਰੁਧ ਭਾਰਤ ਸਰਕਾਰ ਦੇ ਕੇਸ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਅਦਾਲਤ ਵਿਚ ਭਾਰਤ ਸਰਕਾਰ ਦੀ ਅਗਵਾਈ ਕਰ ਰਹੀ ਬ੍ਰਿਟਨੇ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ (ਸੀ. ਪੀ. ਐੱਸ.) ਨੇ ਮਾਲਿਆ ਵਿਰੁਧ ਸਬੂਤਾਂ ਦੇ ਪੱਖ ਵਿਚ ਅਪਣੀ ਦਲੀਲ ਦਿਤੀ ਪਰ ਬਚਾਅ ਪੱਖ ਦੀ ਦਲੀਲ ਪੂਰੀ ਨਾ ਹੋਣ ਕਾਰਨ ਅਦਾਲਤ ਨੇ ਮਾਲਿਆ ਨੂੰ 2 ਅਪ੍ਰੈਲ ਤਕ ਦੀ ਜ਼ਮਾਨਤ ਦੇ ਦਿਤੀ।              (ਪੀ.ਟੀ.ਆਈ)