ਦੇਸ਼ 'ਚ 53 ਫ਼ੀ ਸਦੀ ਬੱਚੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ : ਪ੍ਰੋ. ਸਤਿਆਰਥੀ

13 October, 2017

ਚੰਡੀਗੜ੍ਹ, 12 ਅਕਤੂਬਰ (ਬਠਲਾਣਾ) : ਭਾਰਤ ਯਾਤਰਾ 'ਤੇ ਨਿਕਲੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਅੱਜ ਪੰਜਾਬ ਯੂਨੀਵਰਸਟੀ ਪੁੱਜੇ। ਬੱਚਿਆਂ ਵਿਰੁਧ ਹਿੰਸਾ ਖ਼ਤਮ ਕਰਨ ਵਾਲੇ ਵਿਸ਼ੇ 'ਤੇ ਬੋਲਦਿਆਂ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿਤਾ ਕਿ ਉਹ ਲੋਕਾਂ ਦੀ ਮਾਨਸਿਕਤਾ ਵਿਰੁਧ ਚਲ ਰਹੀ ਇਸ ਲੜਾਈ ਦਾ ਹਿੰਸਾ ਬਨਣ ਅਤੇ ਅਪਣੀ ਚੁੱਪੀ ਤੋੜਨ।
ਸ਼੍ਰੀ ਸਤਿਆਰਥੀ ਨੇ ਪਖੰਡੀ ਬਾਬਿਆਂ ਨੂੰ ਵੀ ਕਰੜੇ ਹੱਥੀਂ ਲਿਆ, ਜੋ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਵਿਰੁਧ ਜ਼ੁਲਕ ਕਰਦੇ ਹਨ, ਉਨ੍ਹਾਂ ਦਾ ਟਿਕਾਣਾ ਬਾਅਦ 'ਚ ਜੇਲ ਹੀ ਹੁੰਦਾ ਹੈ। ਸ਼੍ਰੀ ਸਤਿਆਰਥੀ ਜੋ ਬੱਚਿਆਂ ਦੀ ਬਾਲ ਮਜ਼ਦੂਰੀ ਵਿਰੁਧ ਕਈ ਸਾਲਾਂ ਤੋਂ ਲੜਦੇ ਆ ਰਹੇ ਹਨ, ਦਾ ਕਹਿਣਾ ਸੀ ਕਿ ਨਵਾਂ ਭਾਰਤ ਉਸ ਦਿਨ ਹੀ ਬਣ ਸਕੇਗਾ, ਜਦੋਂ ਕਿ ਸਾਡੀਆਂ ਧੀਆਂ-ਭੈਣਾਂ ਸੁਰੱਖਿਅਤ ਮਹਿਸੂਸ ਕਰਨਗੀਆਂ। ਸਰੀਰਕ ਸ਼ੋਸ਼ਣ ਬਾਰੇ ਬੋਲਦਿਆਂ ਉਨ੍ਹਾਂ ਨੇ ਦਸਿਆ ਕਿ 70 ਫ਼ੀ ਸਦੀ ਕੇਸਾਂ 'ਚ ਜਾਣ-ਪਛਾਣ ਜਾਂ ਰਿਸ਼ਤੇਦਾਰ ਹੀ ਸ਼ਾਮਲ ਹੁੰਦੇ ਹਨ, ਇਸ ਤੋਂ ਵੀ ਦੁਖਦਾਈ ਗੰਲ ਹੈ ਕਿ ਪੀੜਤਾ ਨੂੰ ਇਨਸਾਫ਼ ਮਿਲਣ 'ਚ ਕਈ ਸਾਲ ਲਗ ਜਾਂਦੇ ਹਨ। ਉਨ੍ਹਾਂ ਨੇ ਹਾਜ਼ਰ ਲੋਕਾਂ ਨੂੰ ਯਾਦ ਕਰਾਇਆ ਕਿ ਰਿਸ਼ੀਆਂ-ਮੁਨੀਆਂ ਅਤੇ ਗੁਰੂਆਂ ਦੇ ਵੇਸ਼ 'ਚ ਅਜਿਹੇ ਘਿਨਾਉਣੇ ਕੰਮ ਸ਼ਰਮ ਵਾਲੀ ਗੱਲ ਹੈ।


ਪ੍ਰੋ. ਕੈਲਾਸ਼ ਸਤਿਆਰਥੀ ਨੇ ਦਸਿਆ ਕਿ ਇਸ ਵੇਲੇ ਦੁਨੀਆਂ ਭਰ ਦੇ ਲੋਕ ਖ਼ਤਰੇ 'ਚ ਜੀਅ ਰਹੇ ਹਨ। ਅੰਕੜਿਆਂ ਅਨੁਸਾਰ 23 ਕਰੋੜ ਬੱਚੇ ਅਜਿਹੇ ਦੇਸ਼ਾਂ 'ਚ ਹਨ, ਜਿਥੇ ਗੜਬੜ ਚਲ ਰਹੀ ਹੈ, 13 ਕਰੋੜ ਬੱਚੇ ਯੁੱਧ ਦੇ ਸ਼ਿਕਾਰ ਹਲ, 15 ਕਰੋੜ ਬੱਚੇ ਅਜਿਹੇ ਹਨ, ਜਿਨ੍ਹਾਂ ਲਈ ਆਜ਼ਾਦੀ ਇਕ ਸੁਪਨਾ ਹੈ, 6 ਕਰੋੜ ਬੱਚੇ ਅਜਿਹੇ ਹਨ, ਜਿਨ੍ਹਾਂ ਨੇ ਸਕੂਲਾਂ ਦਾ ਮੂੰਹ ਵੀ ਨਹੀਂ ਵੇਖਿਆ। ਲੋਕ ਹੀ ਨਹੀਂ ਸਾਡੇ ਗ੍ਰਹਿ ਸਮੇਤ ਧਰਤੀ ਦੀ ਹੋਂਦ ਖ਼ਤਰੇ 'ਚ ਹੈ, ਆਲਮੀ ਤਮਸ਼ ਅਲੱਗ ਸਮੱਸਿਆ ਹੈ। ਖ਼ੁਸ਼ਹਾਲੀ ਜਾਂ ਤਰੱਕੀ, ਕੇਵਲ ਕੁੱਝ ਲੋਕਾਂ ਦੀ ਹੀ ਹੋ ਰਹੀ ਹੈ, ਅਸਹਿਣਸ਼ੀਲਤਾ ਅਤੇ ਹਿੰਸਾ ਦੀਆਂ ਘਟਨਾਵਾਂ ਵਧ ਰਹੀਆਂ ਹਨ, ਸ਼ਾਂਤੀ ਖ਼ਤਰੇ 'ਚ ਹੈ, ਦੁਨੀਆਂ ਦੇ ਇਕ ਅਰਬ ਲੋਕਾਂ ਨੂੰ ਰੋਟੀ ਨਹੀਂ ਮਿਲਦੀ, ਦੋ ਅਰਬ ਲੋਕਾਂ ਨੂੰ ਸਾਫ਼ ਪਾਣੀ ਨਸੀਬ ਨਹੀਂ ਹੋ ਰਿਹਾ।ਪ੍ਰੋ. ਸਤਿਆਰਥੀ ਨੇ ਯੂਨੀਸੈਫ਼ ਅਤੇ ਭਾਰਤ ਸਰਕਾਰ ਦੀ ਇਕ ਰੀਪੋਰਟ ਦਾ ਜ਼ਿਕਰ ਕਰਦਿਆਂ ਕਿਹਾ ਕਿ 53 ਫ਼ੀ ਸਦੀ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਹੁੰਦਾ ਹੈ ਪਰੰਤੂ ਇਸ ਰੀਪੋਰਟ 'ਤੇ ਕੋਈ ਕਾਰਵਾਈ ਨਹੀਂ ਹੋਈ, ਇਸ ਕਰ ਕੇ ਕੇਸ ਵਧ ਰਹੇ ਹਨ। ਉਨ੍ਹਾਂ ਨੇ ਚੰਡੀਗੜ੍ਹ 'ਚ 10 ਸਾਲ ਦੀ ਲੜਕੀ ਨਾਲ ਮਾਮਿਆਂ ਵਲੋਂ ਬਲਾਤਕਾਰ ਕੀਤੇ ਜਾਦ ਦੀ ਘਟਨਾ ਦਾ ਵੀ ਜ਼ਿਕਰ ਕੀਤਾ।ਪ੍ਰੋ. ਸਤਿਆਰਥੀ ਨੇ ਦਸਿਆ ਕਿ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਪੇਸ਼ਕਸ਼ ਦਿਤੀ ਸੀ ਕਿ ਉਹ ਭਾਰਤ ਯਾਤਰਾ ਦੌਰਾਨ ਸਾਰਿਆਂ ਲਈ ਲੰਗਰ ਅਤੇ ਰੀਹਾਇਸ਼ ਦਾ ਪ੍ਰਬੰਧ ਕਰਨਗੇ, ਉਨ੍ਹਾਂ ਨੇ ਦਸਿਆ ਕਿ ਵੱਖ-ਵੱਖ ਧਰਮਾਂ ਦੇ ਕੱਟੜ ਲੋਕ ਵੀ ਇਸ ਯਾਤਰਾ 'ਚ ਸਾਥ ਦੇ ਰਹੇ ਹਨ। ਉਨ੍ਹਾਂ ਨੇ ਪੰਜਾਬ ਯੂਨੀਵਰਸਟੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦਾ ਆਜ਼ਾਦੀ ਸੰਘਰਸ਼ 'ਚ ਅਹਿਮ ਰੋਲ ਹੈ। ਅਖ਼ੀਰ 'ਚ ਸਾਰਿਆਂ ਨੇ ਬੱਚਿਆਂ ਵਿਰੁਧ ਹੋ ਰਹੇ ਜ਼ੁਲਮਾਂ ਵਿਰੁਧ ਅਹਿਦ ਲਿਆ।