ਡਾ. ਅੰਬੇਦਕਰ ਦੀ ਦੇਣ ਨੂੰ ਦੇਸ਼ ਭੁਲਾ ਨਹੀਂ ਸਕਦਾ : ਕੈਪਟਨ

06 December, 2017

ਅੰਮ੍ਰਿਤਸਰ, 6 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਡਾ. ਬੀ. ਆਰ. ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਦੇਣ ਨੂੰ ਦੇਸ਼ ਭੁਲਾ ਨਹੀਂ ਸਕਦਾ। ਅੱਜ ਜਿਸ ਸੰਵਿਧਾਨ ਨਾਲ ਦੇਸ਼ ਚੱਲ ਰਿਹਾ ਹੈ, ਇਹ ਉਨ੍ਹਾਂ ਦੀ ਮਿਹਨਤ ਅਤੇ ਲਿਆਕਤ ਦਾ ਹੀ ਨਤੀਜਾ ਹੈ। ਉਹ ਆਰਟ ਗੈਲਰੀ ਵਿਖੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵਲੋਂ ਕਰਵਾਏ ਅੰਬੇਦਕਰ ਪ੍ਰੀਨਿਰਵਾਣ ਦਿਵਸ ਸਮਾਗਮ 'ਚ ਬੋਲ ਰਹੇ ਸਨ। ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਉਨ੍ਹਾਂ ਜ਼ਮਾਨਿਆਂ ਵਿਚ ਪੜ੍ਹੇ-ਲਿਖੇ ਲੋਕਾਂ ਦੀ ਗਿਣਤੀ ਉਂਗਲਾਂ 'ਤੇ ਗਿਣੀ ਜਾ ਸਕਦੀ ਸੀ। ਉਸ ਵੇਲੇ ਡਾ. ਅੰਬੇਦਕਰ ਨੇ ਵਿਦੇਸ਼ ਵਿਚ ਜਾ ਕੇ ਉਚ ਸਿਖਿਆ ਪ੍ਰਾਪਤ ਕੀਤੀ ਅਤੇ ਉਸ ਸਿਖਿਆ ਨਾਲ ਮਿਲੇ ਗਿਆਨ ਨੂੰ ਦੇਸ਼ ਦੀ ਤਰੱਕੀ ਅਤੇ ਭਲੇ ਲਈ ਵਰਤਿਆ। ਡਾ. ਅੰਬੇਦਕਰ ਨੇ ਉੱਚ ਮਿਆਰੀ ਪੜ੍ਹਾਈ ਕਰਨ ਦੇ ਨਾਲ-ਨਾਲ ਵਕਾਲਤ ਦੀ ਡਿਗਰੀ ਕੀਤੀ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਡਾ. ਅੰਬੇਦਕਰ ਦੀ ਲਿਆਕਤ ਨੂੰ ਸਾਹਮਣੇ ਰਖਦਿਆਂ ਉਨ੍ਹਾਂ ਨੂੰ ਸੰਵਿਧਾਨ ਲਿਖਣ ਦਾ ਅਹਿਮ ਕੰਮ ਸੌਂਪਿਆ। ਡਾ. ਅੰਬੇਦਕਰ ਨੇ ਇਹ ਕੰਮ ਬੜੀ ਸੂਝ ਬੂਝ ਨਾਲ ਨੇਪਰੇ ਚਾੜ੍ਹਿਆ। ਡਾ. ਵੇਰਕਾ ਨੇ ਕਿਹਾ ਕਿ ਡਾ. ਅੰਬੇਦਕਰ ਵਰਗੀਆਂ ਸ਼ਖ਼ਸੀਅਤਾਂ ਬਹੁਤ ਘੱਟ ਪੈਦਾ ਹੁੰਦੀਆਂ ਹਨ।  ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਓਮ ਪ੍ਰਕਾਸ਼ ਸੋਨੀ ਐਮ ਐਲ ਏ, ਤਰਸੇਮ ਸਿੰਘ ਡੀ ਸੀ ਹਲਕਾ ਅਟਾਰੀ, ਹਰਪ੍ਰਤਾਪ ਸਿੰਘ ਅਜਨਾਲਾ ਐਮ ਐਲ ਏ, ਸਾਬਕਾ ਡਿਪਟੀ ਸਪੀਕਰ ਪ੍ਰੋ. ਦਰਬਾਰੀ ਲਾਲ, ਭਗਵੰਤਪਾਲ ਸਿੰਘ ਸੱਚਰ ਜ਼ਿਲ੍ਹਾ ਪ੍ਰਧਾਨ ਦਿਹਾਤੀ, ਜੁਗਲ ਕਿਸ਼ੋਰ ਸ਼ਰਮਾ ਜਿਲ੍ਹਾ ਪ੍ਰਧਾਨ ਸ਼ਹਿਰੀ ਅਤੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਮੌਜੂਦ ਸਨ।