ਭਾਰਤੀ ਮੂਲ ਦਾ ਨਾਗਰਿਕ ਅਮਰੀਕਾ ਵਿਚ ਗ੍ਰਿਫ਼ਤਾਰ

13 January, 2018

ਵਾਸ਼ਿੰਗਟਨ, 12 ਜਨਵਰੀ : ਭਾਰਤੀ ਮੂਲ ਦੇ ਤ੍ਰਿਨਿਦਾਦ ਅਤੇ ਟੋਬੈਗੋ ਦੇ ਨਾਗਰਿਕ ਅਤੇ ਉਘੇ ਪ੍ਰਵਾਸੀ ਅਧਿਕਾਰ ਕਾਰਜਕਰਤਾ ਰਵੀ ਰਗਬੀਰ ਨੂੰ ਅਮਰੀਕਾ ਦੇ ਇਮੀਗਰੇਸ਼ਨ ਅਤੇ ਕਸਟਮ ਵਿਭਾਗ (ਆਈ. ਸੀ. ਈ.) ਨੇ ਅੱਜ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਤੁਰਤ ਦੇਸ਼ ਤੋਂ ਕੱਢਣ ਦੇ ਆਦੇਸ਼ ਦੇ ਦਿਤੇ। ਇਸ ਕਦਮ 'ਤੇ ਨਿਊਯਾਰਕ ਵਿਚ ਸਥਾਨਕ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਕਈ ਭਾਰਤੀ-ਅਮਰੀਕੀਆਂ ਸਮੇਤ ਵੱਡੀ ਗਿਣਤੀ ਵਿਚ ਰਵੀ ਰਗਬੀਰ ਸਮਰਥਕ ਜੈਕਬ ਜਾਵਿਟਸ ਫ਼ੈਡਰਲ ਇਮਾਰਤ ਦੇ ਬਾਹਰ ਇੱਕਠੇ ਹੋਏ ਜਿਥੇ ਉਨ੍ਹਾਂ ਨੂੰ ਹਿਰਾਸਤ ਵਿਚ ਰਖਿਆ ਗਿਆ ਹੈ। ਡੈਮੋਕ੍ਰੈਟਿਕ ਪਾਰਟੀ ਦੇ ਇਕ ਸੀਨੀਅਰ ਨੇਤਾ ਅਤੇ ਕਾਂਗਰਸ ਦੇ ਮੈਂਬਰ ਜੋਅ ਕ੍ਰੋਲੇ ਨੇ ਕਿਹਾ,''ਰਵੀ ਭਾਈਚਾਰੇ ਦੇ ਪ੍ਰਸਿੱਧ ਨੇਤਾ ਹਨ। ਇਕ ਚੰਗੇ ਪਿਤਾ ਹਨ ਅਤੇ ਪ੍ਰਵਾਸੀਆਂ ਦੇ ਅਧਿਕਾਰਾਂ ਲਈ ਲੜਨ ਵਾਲੇ ਇਕ 


ਮਜ਼ਬੂਤ ਕਾਰਜਕਰਤਾ ਹਨ। ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਜਾਣਾ ਪੂਰੀ ਤਰ੍ਹਾਂ ਗ਼ਲਤ ਹੈ। ਇਹ ਨਿਊਯਾਰਕ ਸ਼ਹਿਰ ਅਤੇ ਦੇਸ਼ ਭਰ ਵਿਚ ਟਰੰਪ ਪ੍ਰਸ਼ਾਸਨ ਦੇ ਘਾਤ ਲਗਾ ਕੇ ਨਿਸ਼ਾਨਾ ਬਣਾਉਣ ਦੇ ਵਿਹਾਰ ਨੂੰ ਦਰਸਾਉਂਦਾ ਹੈ। ਰਵੀ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ।'' ਰਗਬੀਰ ਇਕ ਯਾਤਰੀ ਵੀਜ਼ਾ 'ਤੇ ਸਾਲ 1991 ਵਿਚ ਤ੍ਰਿਨਿਦਾਦ ਅਤੇ ਟੋਬੈਗੋ ਤੋਂ ਅਮਰੀਕਾ ਆਏ ਸਨ। ਉਹ ਸਾਲ 1994 ਵਿਚ ਕਾਨੂੰਨੀ ਰੂਪ ਵਿਚ ਇਕ ਸਥਾਈ ਨਿਵਾਸੀ ਬਣੇ। ਉਨ੍ਹਾਂ ਨੂੰ ਸਾਲ 2006 ਵਿਚ ਵੀ ਦੇਸ਼ ਵਿਚੋਂ ਕੱਢਣ ਦੀ ਕਾਰਵਾਈ ਕੀਤੀ ਗਈ ਸੀ ਅਤੇ ਫ਼ਰਵਰੀ 2008 ਵਿਚ ਰਿਹਾਅ ਹੋਣ ਤੋਂ ਪਹਿਲਾਂ ਉਨ੍ਹਾਂ ਨੇ 22 ਮਹੀਨੇ ਇਮੀਗਰੇਸ਼ਨ ਹਿਰਾਸਤ ਵਿਚ ਗੁਜਾਰੇ।            (ਪੀ.ਟੀ.ਆਈ)