ਬੱਚੀ ਦੀ ਡੇਂਗੂ ਨਾਲ ਮੌਤ ਹੋਣ ਮਗਰੋਂ 16 ਲੱਖ ਦਾ ਬਿੱਲ ਦੇਣ ਵਾਲੇ ਹਸਪਤਾਲ ਨੂੰ ਨਿਗੂਣੀ ਸਜ਼ਾ..?

06 December, 2017

ਬੀਤੇ ਦਿਨੀਂ ਡੇਂਗੂ ਦਾ ਇਲਾਜ ਕਰਵਾ ਰਹੀ ਬੱਚੀ ਦੀ ਮੌਤ ਹੋ ਜਾਣ ਤੋਂ ਬਾਅਦ 16 ਲੱਖ ਦਾ ਬਿੱਲ ਵਸੂਲਣ ਵਾਲੇ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੰਸ ਰੱਦ ਕਰਨ ਦੇ ਹੁਕਮ ਜਾਰੀ ਹੋ ਗਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਦਾ ਕਹਿਣਾ ਹੈ ਕਿ ਹਸਪਤਾਲ ਵਿਰੁੱਧ ਪੁਲਿਸ ਕੇਸ ਦਰਜ ਕੀਤਾ ਜਾਵੇਗਾ।

ਹਾਲਾਂਕਿ, ਮੰਤਰੀ ਨੇ ਸੰਭਾਵੀ ਐਕਸ਼ਨ ਦੇ ਤੌਰ ‘ਤੇ ਹਸਪਤਾਲ ਲਈ ਕਾਫੀ ਸਖ਼ਤ ਰੁਖ਼ ਅਪਣਾਇਆ। ਜਿਵੇਂ ਕਿ ਮੰਤਰੀ ਨੇ ਕਿਹਾ ਕਿ ਹਸਪਤਾਲ ਵੱਲੋਂ ਪਟੇ ‘ਤੇ ਲਈ ਜ਼ਮੀਨ ਯਾਨੀ ਲੀਜ਼ ਰੱਦ ਕਰਵਾਉਣ ਲਈ ਸਬੰਧਤ ਅਥਾਰਟੀ ਨੂੰ ਸਿਫਾਰਸ਼ ਕੀਤੇ ਜਾਣ ਦੀ ਵੀ ਗੱਲ ਕਹੀ ਪਰ ਫਿਲਹਾਲ ਉਨ੍ਹਾਂ ਹਸਪਤਾਲ ਦੇ ਬਲੱਡ ਬੈਂਕ ਦਾ ਲਾਇਸੰਸ ਰੱਦ ਕਰਨ ਦੇ ਹੀ ਹੁਕਮ ਜਾਰੀ ਕੀਤੇ ਹਨ।


ਮੰਤਰੀ ਨੇ ਦੱਸਿਆ ਕਿ ਸੂਬੇ ਦੇ ਸਿਹਤ ਵਿਭਾਗ ਦੇ ਵਧੀਕ ਨਿਰਦੇਸ਼ਕ ਡਾ. ਰਾਜੀਵ ਵਡੇਰਾ ਦੀ ਅਗਵਾਈ ਵਾਲੀ ਜਾਂਚ ਕਮੇਟੀ ਨੇ ਹਸਪਤਾਲ ਪ੍ਰਬੰਧਨ ਵਿੱਚ ਤਰੁੱਟੀਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਵਿੱਜ ਦਾ ਕਹਿਣਾ ਹੈ ਕਿ ਮ੍ਰਿਤਕ ਬੱਚੀ ਦੇ ਇਲਾਜ ਲਈ ਹਸਪਤਾਲ ਨੇ ਜਾਣਬੁੱਝ ਕੇ ਮਹਿੰਗੀਆਂ ਦਵਾਈਆਂ ਦੀ ਵਰਤੋਂ ਕੀਤੀ ਗਈ ਤੇ ਛੋਟੀ ਬੱਚੀ ਨੂੰ ਇਲਾਜ ਦੌਰਾਨ 25 ਵਾਰ ਪਲੇਟਲੈੱਟਸ (ਖ਼ੂਨ ਕਣ) ਚੜ੍ਹਾਏ ਸਨ। ਸਿਹਤ ਮੰਤਰੀ ਨੇ ਦੱਸਿਆ ਕਿ ਅਜਿਹੇ ਇਲਾਜ ਰਾਹੀਂ ਜ਼ਿਆਦਾ ਪੈਸੇ ਬਟੋਰਨ ਦੀ ਮਨਸ਼ਾ ਹੋਣ ਕਾਰਨ ਹਸਪਤਾਲ ਦੇ ਬਲੱਡ ਬੈਂਕ ਨੂੰ ਭੰਗ ਕਰ ਦਿੱਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਫੋਰਟਿਸ ਹਸਪਤਾਲ ਨੇ ਨਾ ਸਿਰਫ ਇਲਾਜ ਦੇ ਪ੍ਰੋਟੋਕਾਲ ਦੀ ਅਣਦੇਖੀ ਕੀਤੀ ਗਈ ਬਲਕਿ ਡਾਕਟਰੀ ਸਲਾਹ ਨਾਲ ਛੇੜਖਾਨੀ (ਲਾਮਾ ਪਾਲਿਸੀ) ਕੀਤੀ ਗਈ। ਬੱਚੀ ਦੇ ਮਾਪਿਆਂ ਜਾਂਚ ਕਮੇਟੀ ਨੂੰ ਦੱਸਿਆ ਕਿ ਹਸਪਤਾਲ ਨੇ ਸਹਿਮਤੀ ਪੱਤਰ ‘ਤੇ ਵੀ ਫਰਜ਼ੀ ਦਸਤਖ਼ਤ ਕੀਤੇ ਸਨ।