ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 28 ਫ਼ੀ ਸਦੀ ਘਟੀ

14 March, 2018

ਵਾਸ਼ਿੰਗਟਨ, 13 ਮਾਰਚ : ਸਾਲ 2017 'ਚ ਭਾਰਤੀ ਵਿਦਿਆਰਥੀਆਂ ਨੂੰ ਅਮਰੀਕੀ ਸਟੂਡੈਂਟ ਵੀਜ਼ਾ ਮਿਲਣ 'ਚ 28 ਫ਼ੀ ਸਦੀ ਦੀ ਕਮੀ ਵੇਖੀ ਗਈ ਹੈ। ਨਿਊ ਸਟੇਟ ਡਾਟਾ ਵਲੋਂ ਇਹ ਅੰਕੜੇ ਜਾਰੀ ਕੀਤੇ ਗਏ ਹਨ।ਅਮਰੀਕਾ ਵਲੋਂ ਜਾਰੀ ਕੀਤੇ ਗਏ ਕੁਲ ਐਫ਼-1 ਵੀਜ਼ਾ 'ਚ ਲਗਭਗ 17 ਫ਼ੀ ਸਦੀ ਦੀ ਕਮੀ ਆਈ ਹੈ। ਪਿਛਲੇ ਸਾਲ 2017 'ਚ ਅਮਰੀਕਾ ਵਲੋਂ 1,93,573 ਐਫ਼-1 ਵੀਜ਼ੇ ਜਾਰੀ ਕੀਤੇ ਗਏ ਸਨ। ਇਨ੍ਹਾਂ ਦੀ ਗਿਣਤੀ ਸਾਲ 2016 'ਚ 4,17,728 ਸੀ। ਸਾਲ 2017 'ਚ ਭਾਰਤੀ ਵਿਦਿਆਰਥੀਆਂ ਨੂੰ ਸੱਭ ਤੋਂ ਘੱਟ ਵੀਜ਼ੇ ਜਾਰੀ ਕੀਤੇ ਗਏ। ਸਾਲ 2016 'ਚ 65,257 ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਮਿਲੇ ਸਨ, ਜਦਕਿ 2017 'ਚ ਸਿਰਫ਼ 47,302 ਵੀਜ਼ੇ ਹੀ ਜਾਰੀ ਕੀਤੇ ਗਏ ਹਨ।ਇਸ ਤੋਂ ਇਲਾਵਾ ਇਸ ਸਾਲ ਚੀਨੀ ਵਿਦਿਆਰਥੀਆਂ ਨੂੰ ਵੀ ਅਮਰੀਕਾ 'ਚ ਪੜ੍ਹਨ ਦੇ ਘੱਟ ਮੌਕੇ ਮਿਲੇ ਹਨ। ਚੀਨੀ ਵਿਦਿਆਰਥੀਆਂ ਦੀ ਗਿਣਤੀ 'ਚ 24 ਫ਼ੀ ਸਦੀ ਦੀ ਕਮੀ ਆਈ ਹੈ। ਇਸ ਦਾ ਕਾਰਨ ਸਾਲ 2014 'ਚ ਚੀਨ ਲਈ ਅਮਰੀਕੀ ਦੀ ਬਦਲੀ ਗਈ ਵੀਜ਼ਾ ਨੀਤੀ ਹੈ।


ਇਸ ਸਾਲ ਅਮਰੀਕਾ 'ਚ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਨਾ ਮਿਲਣ ਦੀ ਗਿਣਤੀ ਦੇ ਹਿਸਾਬ ਤੋਂ ਭਾਰਤ ਅਤੇ ਚੀਨ ਸੱਭ ਤੋਂ ਉੱਪਰ ਹਨ। ਇਸ ਤੋਂ ਬਾਅਦ ਦੱਖਣ ਕੋਰੀਆ, ਸਾਊਦੀ ਅਰਬ ਅਤੇ ਕੈਨੇਡਾ ਹਨ।
ਅਮਰੀਕਨ ਐਸੋਸੀਏਸ਼ਨ ਆਫ਼ ਕਾਲਜ ਰਜਿਸਟਰਾਰ ਅਤੇ ਐਡਮਿਸ਼ਨ ਆਫਿਸਰਜ਼ ਨੇ ਇਸ ਮਾਮਲੇ 'ਚ ਕਿਹਾ ਕਿ ਅਮਰੀਕਾ ਦੇ ਕਾਲਜਾਂ 'ਚ ਵਿਦੇਸ਼ੀ ਵਿਦਿਆਰਥੀਆਂ ਦੀ ਅਰਜ਼ੀਆਂ 'ਚ ਲਗਭਗ 40 ਫ਼ੀ ਸਦੀ ਕਮੀ ਆਈ ਹੈ। ਇਸ 'ਤੇ ਵੀ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਦੁਨੀਆਂ ਭਰ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਅਮਰੀਕਾ ਪ੍ਰਤੀ ਗ਼ਲਤ ਸੋਚ ਵਿਕਸਿਤ ਹੋ ਰਹੀ ਹੈ। ਉਹ ਅਜਿਹਾ ਸੋਚਣ ਲਗਦੇ ਹਨ ਕਿ ਅਮਰੀਕਾ 'ਚ ਵਿਦੇਸ਼ੀ ਨੀਤੀ ਵਿਦਿਆਰਥੀਆਂ ਲਈ ਚੰਗਾ ਮਾਹੌਲ ਨਹੀਂ ਹੈ। (ਪੀਟੀਆਈ)