ਅਕਾਲੀ ਦਲ ਨੇ ਇਨ੍ਹਾਂ ਥਾਵਾਂ ‘ਤੇ ਚੋਣਾਂ ਰੱਦ ਕਰਵਾਉਣ ਦੀ ਕੀਤੀ ਮੰਗ, ਚੋਣ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ

06 December, 2017

ਸ਼੍ਰੋਮਣੀ ਅਕਾਲੀ ਦਲ ਨੇ ਸੂਬੇ ਵਿਚ ਚਾਰ ਥਾਵਾਂ ‘ਤੇ ਹੋਈ ਗੋਲੀਬਾਰੀ ਅਤੇ ਹਿੰਸਾ ਮਗਰੋਂ ਉੱਥੇ ਮਿਉਂਸੀਪਲ ਚੋਣਾਂ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਉਹਨਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ, ਜਿਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐੱਨਓਸੀ ਜਾਰੀ ਨਹੀਂ ਕੀਤੇ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਇੱਕ ਵਫ਼ਦ ਨੇ ਵੱਖ-ਵੱਖ ਥਾਵਾਂ ‘ਤੇ ਹੋਈਆਂ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੇ ਸਬੂਤ ਤਸਵੀਰਾਂ ਸਮੇਤ ਸੂਬੇ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਸੌਂਪੇ।

ਇਸ ਮੌਕੇ ‘ਤੇ ਵਫ਼ਦ ਨੇ ਇਹ ਵੀ ਮੰਗ ਕੀਤੀ ਕਿ ਫਿਰੋਜ਼ਪੁਰ ਜ਼ਿਲ੍ਹੇ ਵਿਚ ਪੈਂਦੀਆਂ ਮੱਲਾਂਵਾਲਾ ਅਤੇ ਮੱਖੂ ਦੀਆਂ ਨਗਰ ਪੰਚਾਇਤਾਂ, ਪਟਿਆਲਾ ਜ਼ਿਲ੍ਹੇ ਵਿਚ ਪੈਂਦੀ ਘਨੌਰ ਅਤੇ ਮੋਗਾ ਜ਼ਿਲ੍ਹੇ ਵਿਚ ਪੈਂਦੀਆਂ ਬਾਘਾਪੁਰਾਣਾ ਦੀਆਂ ਨਗਰਪਾਲਿਕਾਵਾਂ ਦੀ ਚੋਣਾਂ ਤੁਰੰਤ ਰੱਦ ਕੀਤੀਆਂ ਜਾਣ। ਵਫ਼ਦ ਨੇ ਸੂਬੇ ਦੇ ਚੋਣ ਕਮਿਸ਼ਨਰ (ਐੱਸਈਸੀ) ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਇਨ੍ਹਾਂ ਚਾਰੇ ਥਾਂਵਾਂ ‘ਤੇ ਹਿੰਸਾ ਹੋਈ ਹੈ। ਵਫ਼ਦ ਨੇ ਦੱਸਿਆ ਕਿ ਇਸ ਬਾਰੇ ਪਿਛਲੇ ਤਿੰਨ ਦਿਨਾਂ ਤੋਂ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਰਹੀਆਂ ਸਨ ਕਿ ਉਪਰੋਕਤ ਥਾਵਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦੀ ਉੱਕਾ ਪ੍ਰਵਾਹ ਨਹੀਂ ਕੀਤੀ ਜਾ ਰਹੀ।

Akali Dal

ਡਾ. ਚੀਮਾ ਨੇ ਕਿਹਾ ਕਿ ਘਨੌਰ ਵਿਚ ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸਰਪ੍ਰਸਤੀ ਵਾਲੇ ਕਾਂਗਰਸੀ ਗੁੰਡਿਆਂ ਨੇ ਐੱਸਡੀਐੱਮ ਦੇ ਦਫ਼ਤਰ ਵਿਚ ਅਕਾਲੀ ਉਮੀਦਵਾਰਾਂ ਤੋਂ ਨਾਮਜ਼ਦਗੀ ਕਾਗਜ਼ ਖੋਹ ਕੇ ਪਾੜ ਦਿੱਤੇ। ਉਨ੍ਹਾਂ ਕਿਹਾ ਕਿ ਐੱਸਡੀਐੱਮ ਨੇ ਵਾਰਡ ਨੰਬਰ 12 ਤੋਂ ਅਕਾਲੀ ਉਮੀਦਵਾਰ ਕੁਲਦੀਪ ਸਿੰਘ ਦੇ ਕਾਗਜ਼ ਲੈਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਹ ਦੁਪਹਿਰ 12 ਵਜੇ ਤੋਂ ਐੱਸਡੀਐੱਮ ਦੇ ਦਫ਼ਤਰ ਵਿਚ ਬੈਠਾ ਸੀ।

Akali Dal

ਡਾ. ਚੀਮਾ ਨੇ ਆਖਿਆ ਕਿ ਇਸ ਤੋਂ ਪਹਿਲਾਂ ਮਦਨ ਲਾਲ ਜਲਾਲਪੁਰ ਦੇ ਭਰਾ ਅਤੇ ਕਾਂਗਰਸੀ ਕਾਰਕੁੰਨ ਰਜਿੰਦਰ ਸਿੰਘ ਨੇ ਕੁਲਦੀਪ ਸਿੰਘ ਅਤੇ ਉਸ ਦੇ ਬੇਟੇ ਦੀ ਕੁੱਟਮਾਰ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਦੁਆਰਾ ਕੀਤੀ ਖਿੱਚਧੂਹ ਦੌਰਾਨ ਅਕਾਲੀ ਦਲ ਦੀ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਨਾਲ ਧੱਕਾਮੁੱਕੀ ਕੀਤੀ ਗਈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਵਫਦ ਨੇ ਰਾਜ ਦੇ ਚੋਣ ਕਮਿਸ਼ਨਰ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਜਿਹੜੇ ਕਾਂਗਰਸ ਪਾਰਟੀ ਦੇ ਏਜੰਟਾਂ ਵਜੋਂ ਕੰਮ ਕਰਦੇ ਹੋਏ ਮਿਊਂਸੀਪਲ ਚੋਣਾਂ ਲਈ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐੱਨਓਸੀਜ਼ ਜਾਰੀ ਕਰਨ ਤੋਂ ਇਨਕਾਰ ਕਰ ਰਹੇ ਹਨ।

Akali Dal

ਇਸ ਤੋਂ ਪਹਿਲਾਂ ਸੀਨੀਅਰ ਅਕਾਲੀ ਆਗੂ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਵਿਚ ਗਏ ਇਸ ਸਾਂਝੇ ਵਫ਼ਦ ਨੇ ਪ੍ਰਦੇਸ਼ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੂੰ ਦੱਸਿਆ ਕਿ ਜਿਨ੍ਹਾਂ 5 ਅਕਾਲੀ ਵਰਕਰਾਂ ਨੇ ਨਗਰ ਪੰਚਾਇਤ ਮੱਖੂ ਅਤੇ ਮੱਲਾਂਵਾਲਾ ਦੇ ਕਾਰਜ ਸਾਧਕ ਅਫਸਰ (ਈਓ) ਦੇ ਵਤੀਰੇ ਬਾਰੇ ਸ਼ਿਕਾਇਤ ਕੀਤੀ ਸੀ, ਉਨ੍ਹਾਂ ਖ਼ਿਲਾਫ ਝੂਠੇ ਕੇਸ ਦਰਜ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਅਕਾਲੀ ਆਗੂਆਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਕੋਲ ਇਸ ਲਈ ਸ਼ਿਕਾਇਤ ਕੀਤੀ ਸੀ ਕਿਉਂਕਿ ਈਓ ਉਨ੍ਹਾਂ ਨੂੰ ਐੱਨਓਸੀ ਦੇਣ ਤੋਂ ਇਨਕਾਰ ਕਰ ਰਿਹਾ ਸੀ।Akali Dal

ਇਨ੍ਹਾਂ ਵਰਕਰਾਂ ਵਿਚ ਨਗਰ ਪੰਚਾਇਤ ਮੱਲਾਂਵਾਲਾ ਦੇ ਮੀਤ ਪ੍ਰਧਾਨ ਨਿਸ਼ਾਨ ਸਿੰਘ ਭੁੱਲਰ, ਮਾਰਕੀਟ ਕਮੇਟੀ ਮੱਲਾਂਵਾਲਾ ਦੇ ਮੀਤ ਪ੍ਰਧਾਨ ਗੁਰਲਾਲ ਸਿੰਘ, ਯੂਥ ਅਕਾਲੀ ਦਲ ਮੱਲਾਂਵਾਲਾ ਦੇ ਐੱਸ. ਸੀ. ਵਿੰਗ ਦੇ ਪ੍ਰਧਾਨ ਅਜੈ ਕੁਮਾਰ ਅਤੇ ਮਾਰਕੀਟ ਕਮੇਟੀ ਮੱਖੂ ਦੇ ਮੀਤ ਪ੍ਰਧਾਨ ਜੋਗਾ ਸਿੰਘ ਅਤੇ ਦਰਸ਼ਨ ਸਿੰਘ ਸ਼ਾਮਲ ਹਨ। ਅਕਾਲੀ ਦਲ ਦੇ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਿਸ ਦਿਨ ਮਿਊਂਸੀਪਲ ਚੋਣਾਂ ਦਾ ਐਲਾਨ ਹੋਇਆ ਸੀ, ਮੱਲਾਂਵਾਲਾ ਅਤੇ ਮੱਖੂ ਦੇ ਐੱਸ. ਐੱਚ. ਓਜ਼ ਨੇ ਉਸੇ ਦਿਨ ਚਾਰਜ ਸੰਭਾਲਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਨਗਰ ਪੰਚਾਇਤਾਂ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦੋਵਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਡਾ. ਚੀਮਾ ਨੇ ਇਹ ਵੀ ਮੰਗ ਕੀਤੀ ਕਿ ਮੱਲਾਂਵਾਲਾ ਅਤੇ ਮੱਖੂ ਦੀ ਚੋਣ ਰੋਕ ਲਈ ਜਾਵੇ ਅਤੇ ਇਨ੍ਹਾਂ ਦੋਵੇਂ ਥਾਵਾਂ ‘ਤੇ ਬਾਅਦ ਵਿਚ ਚੋਣ ਕਰਵਾਈ ਜਾਵੇ।

ਵਫ਼ਦ ਦੇ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਮੋਗਾ, ਧਰਮਕੋਟ ਅਤੇ ਬਾਘਾਪੁਰਾਣਾ ਵਿਚ ਵੀ ਅਕਾਲੀ ਉਮੀਦਵਾਰਾਂ ਨੂੰ ਐੱਨਓਸੀਜ਼ ਜਾਰੀ ਨਹੀਂ ਕੀਤੇ ਜਾ ਰਹੇ ਤੇ ਇਹੋ ਸਥਿਤੀ ਰਾਜਾਸਾਂਸੀ ਵਿਚ ਬਣੀ ਹੋਈ ਹੈ। ਵਫ਼ਦ ਨੇ ਕਿਹਾ ਕਿ ਜਦ ਤਕ ਮੁੱਖ ਚੋਣ ਅਧਿਕਾਰੀ ਇਨ੍ਹਾਂ ਕੁਤਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਕਰੜੇ ਹੱਥੀਂ ਨਹੀਂ ਲੈਂਦੇ, ਪੰਜਾਬ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਹੋਣ ਦੀ ਕੋਈ ਉਮੀਦ ਨਹੀਂ ਹੈ। ਇਸ ਵਫ਼ਦ ਵਿਚ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ, ਚਰਨਜੀਤ ਸਿੰਘ ਬਰਾੜ ਤੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਵੀ ਸ਼ਾਮਲ ਸਨ।