ਅਕਾਲ ਤਖ਼ਤ 'ਤੇ ਚਲੀਆਂ ਤਲਵਾਰਾਂ, ਕਪੜੇ ਪਾਟੇ ਅਤੇ ਕਢੀਆਂ ਗਾਲਾਂ

12 October, 2017

ਅੰਮ੍ਰਿਤਸਰ, 12 ਅਕਤੂਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁਤਵਾਜ਼ੀ ਜਥੇਦਾਰਾਂ ਦੇ ਸਮਰਥਕਾਂ ਤੇ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਵਿਚਾਲੇ ਅੱਜ ਤਿੱਖੀਆਂ ਝੜਪਾਂ ਹੋਈਆ। ਮਾਸਟਰ ਜੌਹਰ ਸਿੰਘ ਦੀ ਪੇਸ਼ੀ ਨੂੰ ਲੈ ਕੇ ਹੋਏ ਟਕਰਾਅ ਦੌਰਾਨ ਕਿਰਪਾਨਾਂ ਚਲੀਆਂ ਜਿਸ ਨਾਲ ਇਕ ਫੱਟੜ ਤੇ ਕਈਆਂ ਦੇ ਕਪੜੇ ਪਾਟ ਗਏ ਅਤੇ ਇਕ-ਦੂਜੇ ਨੂੰ ਗਾਲਾਂ ਕਢੀਆਂ ਜਿਸ ਦਾ ਗੁਰੂ ਘਰ ਮੱਥਾ ਟੇਕਣ ਆਏ ਸ਼ਰਧਾਲੂਆਂ 'ਤੇ ਕਾਫ਼ੀ ਮਾੜਾ ਅਸਰ ਪਿਆ। ਇਹ ਦਸਣਯੋਗ ਹੈ ਕਿ ਅੱਜ ਅਕਾਲ ਤਖ਼ਤ ਵਿਖੇ ਮੁਤਵਾਜ਼ੀ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੇਜਰ ਸਿੰਘ ਤੇ ਭਾਈ ਸੂਬਾ ਸਿੰਘ ਨੇ ਸਿੱਖ ਮਸਲਿਆਂ ਸਬੰਧੀ ਬੈਠਕ ਕੀਤੀ। ਮਾ ਜੌਹਰ ਸਿੰਘ ਪੇਸ਼ੀ ਭੁਗਤਣ ਤੋਂ ਪਹਿਲਾਂ ਅਕਾਲ ਤਖ਼ਤ ਵਿਖੇ ਦੇਗ ਕਰਵਾਉਣ ਉਪ੍ਰੰਤ ਕੀਰਤਨ ਸੁਣ ਰਿਹਾ ਸੀ ਪਰ ਸ਼੍ਰੋਮਣੀ ਕਮੇਟੀ ਦੀ ਟਾਸਕ ਫ਼ੋਰਸ ਨੇ ਉਸ ਨੂੰ ਚੁੱਕ ਕੇ ਦਰਬਾਰ ਸਾਹਿਬ ਕੰਪਲੈਕਸ ਵਿਚੋਂ ਬਾਹਰ ਸੁੱਟ ਦਿਤਾ ਅਤੇ ਕਿਹਾ ਕਿ ਉਸ ਨੂੰ ਮੁਤਵਾਜ਼ੀ ਜਥੇਦਾਰਾਂ ਅੱਗੇ ਪੇਸ਼ ਨਹੀਂ ਹੋਣ ਦਿਤਾ ਜਾਵੇਗਾ। ਜੋੜਾ-ਘਰ ਕੋਲ ਟਾਸਕ ਫ਼ੋਰਸ ਅਤੇ ਮੁਤਵਾਜ਼ੀ ਜਥੇਦਾਰਾਂ ਦੇ ਹਮਾਇਤੀ ਸਤਨਾਮ ਸਿੰਘ ਮਨਾਵਾਂ ਨਾਲ ਝੜਪ ਹੋ ਗਈ ਜਿਸ 'ਚ ਭਾਈ ਮਨਾਵਾਂ ਦੀ ਕ੍ਰਿਪਾਨ ਦੀ ਨੋਕ ਲੱਗਣ ਨਾਲ ਉਂਗਲ ਫੱਟੜ ਹੋ ਗਈ ਤੇ ਖਿੱਚ ਧੂਹ ਵਿਚ ਜਰਨੈਲ ਸਿੰਘ ਸਖੀਰਾ ਦੇ ਕਪੜੇ ਪਾਟ ਗਏ। ਬੀਤੀ 11 ਅਗੱਸਤ ਨੂੰ ਕਾਹਨੂੰਵਾਨ, ਗੁਰਦਾਸਪੁਰ ਸਥਿਤ ਗੁਰਦੁਆਰਾ ਛੋਟਾ ਘੱਲੂਘਾਰਾ ਦੇ ਖਜ਼ਾਨਚੀ ਬੂਟਾ ਸਿੰਘ ਨੂੰ ਗੁਰਦੁਆਰੇ ਦੇ ਇਕ ਕਮਰੇ ਵਿਚ ਗ਼ੈਰ ਔਰਤ ਨਾਲ ਫੜੇ ਜਾਣ ਉਪ੍ਰੰਤ ਮੁਤਵਾਜ਼ੀ ਜਥੇਦਾਰਾਂ ਨੇ ਬੂਟਾ ਸਿੰਘ ਨੂੰ 4 ਅਕਤੂਬਰ ਨੂੰ ਪੰਥ ਵਿਚੋ ਛੇਕਣ ਉਪ੍ਰੰਤ ਪ੍ਰਧਾਨ ਮਾਸਟਰ ਜੌਹਰ ਸਿੰਘ ਨੂੰ ਅਕਾਲ ਤਖ਼ਤ 'ਤੇ ਅੱਜ 12 ਅਕਤੂਬਰ ਨੂੰ ਤਲਬ ਕੀਤਾ ਸੀ। ਮਾਸਟਰ ਜੌਹਰ ਸਿੰਘ ਅੱਜ ਸਵੇਰੇ ਹੀ ਦਰਬਾਰ ਸਾਹਿਬ ਵਿਖੇ ਪੁੱਜ ਗਏ ਤੇ ਕਰੀਬ ਸਾਢੇ ਬਾਰਾਂ ਵਜੇ ਉਹ ਅਕਾਲ ਤਖ਼ਤ ਦੇ ਅੰਦਰ ਦੇਗ ਲੈ ਕੇ ਦਾਖ਼ਲ ਹੋਏ। ਦੇਗ ਭੇਟ ਕਰਨ ਉਪ੍ਰੰਤ ਮਾਸਟਰ ਜੌਹਰ ਸਿੰਘ ਉਥੇ ਹੀ ਕੀਰਤਨ ਸਰਵਣ ਕਰਨ ਲਈ ਬੈਠ ਗਏ ਤਾਂ ਕੁੱਝ ਦੇਰ ਬਾਅਦ ਦਰਬਾਰ ਸਾਹਿਬ ਦੇ ਦੋ ਅਧਿਕਾਰੀ ਕੁੱਝ ਟਾਸਕ ਫ਼ੋਰਸ ਦੇ ਜਵਾਨਾਂ ਨਾਲ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਨੇ ਮਾਸਟਰ ਜੌਹਰ ਸਿੰਘ ਨੂੰ ਕਿਹਾ ਕਿ ਉਹ ਇਥੇ ਨਹੀਂ ਬੈਠ ਸਕਦੇ। ਉਸ ਵਲੋਂ ਇਸ ਦਾ ਵਿਰੋਧ ਕਰਨ 'ਤੇ ਟਾਸਕ ਫ਼ੋਰਸ ਨੇ ਉਸ ਨੂੰ ਬਾਹਰ ਧੂਹਣਾ ਸ਼ੁਰੂ ਕਰ ਦਿਤਾ ਪਰ ਮਾਸਟਰ ਉਥੇ ਹੀ ਲੰਮੇ ਪੈ ਗਿਆ ਕਿ ਗੁਰੂ ਘਰ ਸੱਭ ਦਾ ਸਾਂਝਾ ਹੈ, ਕੋਈ ਵੀ ਉਸ ਨੂੰ ਬਾਹਰ ਨਹੀਂ ਕੱਢ ਸਕਦਾ ਪਰ ਟਾਸਕ ਫ਼ੋਰਸ ਵਾਲਿਆਂ ਨੇ ਉਸ ਨੂੰ ਘਸੀਟਦੇ ਹੋਏ ਜੋੜਾ ਘਰ ਦੇ ਕੋਲ ਲਿਆਦਾਂ ਤੇ ਉਥੇ ਛੱਡ ਦਿਤਾ। ਇਸ ਝੜਪ ਦੌਰਾਨ ਮਾਸਟਰ ਦਾ ਮੋਬਾਈਲ ਵੀ ਸ਼੍ਰੋਮਣੀ ਕਮੇਟੀ ਦੇ ਇਕ ਅਧਿਕਾਰੀ ਨੇ ਖੋਹ ਲਿਆ। ਇਸ ਦਾ ਰੌਲਾ ਪੈਣ 'ਤੇ ਸ਼੍ਰੋਮਣੀ ਕਮੇਟੀ ਨੇ ਪੁਲਿਸ ਹਵਾਲੇ ਕਰ ਦਿਤਾ। 


ਮਾਸਟਰ ਜੌਹਰ ਸਿੰਘ ਨੇ ਅਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਅਪਣੇ ਕੁੱਝ ਸਾਥੀਆਂ ਨੂੰ ਬੁਲਾਇਆ ਤਾਂ ਉਨ੍ਹਾਂ ਨੇ ਮਾਸਟਰ ਨੂੰ ਉਨ੍ਹਾਂ ਦੇ ਨਾਲ ਅੰਦਰ ਜਾਣ ਲਈ ਕਿਹਾ ਤਾਂ ਟਾਸਕ ਫ਼ੋਰਸ ਨੇ ਉਨ੍ਹਾਂ ਨੂੰ ਗਲਿਆਰੇ ਵਿਚ ਹੀ ਰੋਕ ਲਿਆ ਕਿ ਉਹ ਅੰਦਰ ਨਹੀਂ ਜਾ ਸਕਦਾ। ਇਸ ਦੌਰਾਨ ਹੀ ਸਤਨਾਮ ਸਿੰਘ ਮਨਾਵਾਂ, ਜਰਨੈਲ ਸਿੰਘ ਸਖੀਰਾ ਤੇ ਜਸਬੀਰ ਸਿੰਘ ਮੰਡਿਆਲਾ ਨੇ ਟਾਸਕ ਫ਼ੋਰਸ ਦਾ ਵਿਰੋਧ ਕੀਤਾ ਕਿ ਉਹ ਕਿਸੇ ਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਣ ਤੋ ਰੋਕ ਨਹੀਂ ਸਕਦੇ। ਇਸ ਗੱਲਬਾਤ ਵਿਚੋਂ ਟਕਰਾਰ ਉਸ ਵੇਲੇ ਹੋ ਗਿਆ ਜਦ ਮਲਕੀਅਤ ਸਿੰਘ ਗਿੱਲਵਾਲੀ ਸੇਵਾਦਾਰ ਨੇ ਗਾਲ੍ਹਾਂ ਕਢਣੀਆਂ ਸ਼ੁਰੂ ਕਰ ਦਿਤੀਆਂ ਤੇ ਦੋਹਾਂ ਧਿਰਾਂ ਵਿਚ ਖਿੱਚ ਧੂਹ ਸ਼ੁਰੂ ਹੋ ਗਈ। ਕਿਸੇ ਟਾਸਕ ਫ਼ੋਰਸ ਵਾਲੇ ਦੀ ਕਿਰਪਾਨ ਦੀ ਨੁੱਕਰ ਸਤਨਾਮ ਸਿੰਘ ਮਨਾਵਾਂ ਦੀ ਉਂਗਲ ਨੂੰ ਚੀਰਦੀ ਹੋਈ ਉਸ ਨੂੰ ਫੱਟੜ ਕਰ ਗਈ। ਪੁਲਿਸ ਦੀ ਦਖ਼ਲਅੰਦਾਜ਼ੀ ਨਾਲ ਦੋਹਾਂ ਨੂੰ ਵੱਖ ਕਰ ਦਿਤਾ ਗਿਆ ਪਰ ਝਗੜਾ ਉਸ ਵੇਲੇ ਚਰਮ ਸੀਮਾ ਤੇ ਪੁੱਜ ਗਿਆ 


ਜਦ ਮੁਤਵਾਜ਼ੀ ਜਥੇਦਾਰ ਗਲਿਆਰੇ ਵਿਚ ਦਰਬਾਰ ਲਾ ਕੇ ਮਾਸਟਰ ਜੌਹਰ ਸਿੰਘ ਵਿਰੁਧ ਕਾਰਵਾਈ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਦੌਰਾਨ ਮਲਕੀਅਤ ਸਿੰਘ ਵੀ ਉਥੇ ਆ ਗਿਆ ਜਿਸ ਨੂੰ ਵੇਖ ਕੇ ਮਾਸਟਰ ਜੌਹਰ ਸਿੰਘ ਦੇ ਸਾਥੀਆਂ ਦਾ ਗੁੱਸਾ ਅਸਮਾਨੇ ਚੜ੍ਹ ਗਿਆ ਤੇ ਇਕ ਨੇ ਕਿਹਾ ਕਿ ਫੜ ਲਉ ਜਾਵੇ ਨਾ ਪਰ ਮਲਕੀਅਤ ਸਿੰਘ ਫ਼ੁਰਤੀ ਨਾਲ ਉਥੋਂ ਜਾਨ ਬਚਾਉਣ ਲਈ  ਨਠਦਾ ਹੋਇਆ ਘੰਟਾ ਘਰ ਵਾਲੇ ਪਾਸੇ ਚਰਨ ਗੰਗਾ ਦੇ ਕੋਲ ਇਕ ਪਾਸੇ ਗਮਲਿਆਂ ਦੀ ਬਣੀ ਹੋਈ ਕੰਧ ਵਿਚੋ ਦੀ ਛਾਲ ਮਾਰ ਕੇ ਟੱਪ ਗਿਆ। ਇੰਨੇ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਟਾਸਕ ਫ਼ੋਰਸ ਵਾਲੇ ਕ੍ਰਿਪਾਨਾਂ ਤੇ ਬਰਛੇ ਲੈ ਕੇ ਪੁੱਜ ਗਏ ਤਾਂ ਦੋਹਾਂ ਵਿਚਕਾਰ ਝੜਪ ਹੋਈ।
ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਕਿਸੇ ਵੀ ਪ੍ਰਕਾਰ ਦੀ ਵਧੀਕੀ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਨ੍ਹਾਂ ਨੇ ਕਿਸੇ ਨੂੰ ਵੀ ਚੁੱਕ ਬਾਹਰ ਨਹੀਂ ਸੁਟਿਆ ਪਰ ਕਿਸੇ ਨੂੰ ਵੀ ਦਰਬਾਰ ਸਾਹਿਬ ਕੰਪਲੈਕਸ ਵਿਚ ਗੁੰਡਾਗਰਦੀ ਨਹੀਂ ਕਰਨ ਦਿਤੀ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਕਿ ਦਰਬਾਰ ਸਾਹਿਬ ਦੀ ਮਰਿਆਦਾ ਤੇ ਵਾਤਾਵਰਣ ਨੂੰ ਸ਼ਾਤਮਈ ਰੱਖਣ ਦੀ ਜ਼ਿੰਮੇਵਾਰੀ ਅਦਾਰੇ ਦੀ ਹੈ ਤੇ ਕਿਸੇ ਨੂੰ ਉਲੰਘਣਾ ਕਰਨ ਦੀ ਆਗਿਆ ਨਹੀਂ ਹੈ। ਡਾ ਰੂਪ ਸਿੰਘ ਮੁਤਾਬਕ ਕੋਈ ਘਟਨਾ ਨਹੀਂ ਵਾਪਰੀ। ਇਸ ਸਬੰਧੀ ਏ ਡੀ ਸੀ ਪੀ -1 ਚਰਨਜੀਤ ਸਿੰਘ ਨੇ ਕਿਹਾ ਕਿ ਦੋਸ਼ੀਆਂ ਵਿਰੁਧ ਕਾਰਵਾਈ ਹੋਵੇਗੀ। ਕਿਸੇ ਨੂੰ ਵੀ ਮਾਹੌਲ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਹੈ।