ਅਫ਼ਰੀਕੀ ਚੈਂਪੀਅਨ ਅਰਨਸਟ ਅਮੁਜੁ ਵਿਰੁਧ ਖ਼ਿਤਾਬ ਦਾ ਬਚਾਅ ਕਰਨ ਲਈ ਖੇਡੇਗਾ ਵਿਜੇਂਦਰ

04 December, 2017

ਨਵੀਂ ਦਿੱਲੀ, 4 ਦਸੰਬਰ: ਭਾਰਤ ਦਾ ਸਟਾਰ ਮੁੱਕੇਬਾਜ਼ ਵਿਜੇਂਦਰ ਸਿੰਘ 23 ਦਸੰਬਰ ਨੂੰ ਜੈਪੁਰ 'ਚ ਘਾਨਾ ਦੇ ਅਰਨਸਟ ਅਮੁਜੁ ਵਿਰੁਧ ਅਪਣੇ ਡਬਲਿਊ.ਬੀ.ਓ. ਓਰੀਐਂਟਲ ਅਤੇ ਏਸ਼ੀਆ ਪੈਸੀਫ਼ਿਕ ਸੁਪਰ ਮਿਡਲਵੇਟ ਖ਼ਿਤਾਬ ਦਾ ਬਚਾਅ ਕਰਨ ਰਿੰਗ 'ਚ ਉਤਰਨਗੇ। ਅਜੇ ਤਕ ਨੌਂ ਬਾਊਟ 'ਚ ਵਿਜੇਂਦਰ ਨੂੰ ਕਦੇ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਅਗੱਸਤ 'ਚ ਰਿੰਗ 'ਚ ਉਤਰਿਆ ਸੀ, ਜਦੋਂ ਉਸ ਨੇ ਚੀਨ ਦੇ ਨੰਬਰ ਇਕ ਮੁੱਕੇਬਾਜ਼ ਜੁਲੀਫ਼ਕਾਰ ਮਾਮੇਤਿਆਲੀ ਨੂੰ ਹਰਾ ਕੇ ਡਬਲਿਊ.ਬੀ.ਓ. ਓਰੀਐਂਟਰ ਖ਼ਿਤਾਬ ਹਾਸਲ ਕੀਤਾ ਸੀ। ਉਲੰਪਿਕ 'ਚ ਕਾਂਸੀ ਦਾ ਤਮਗ਼ਾ ਜੇਤੂ ਵਿਜੇਂਦਰ ਨੇ ਕਿਹਾ ਕਿ ਮੈਂ ਭਾਰਤ 'ਚ ਅਪਣੀ ਦਸਵੀਂ ਫ਼ਾਈਟ ਲੜਨ ਲਈ ਸਚਮੁਚ ਉਤਸ਼ਾਹਿਤ ਹਾਂ ਅਤੇ ਉਹ


 ਵੀ ਗੁਲਾਬੀ ਸ਼ਹਿਰ ਜੈਪੁਰ 'ਚ ਹੋ ਰਹੀ ਹੈ। ਮੈਂ ਪਿਛਲੇ ਦੋ ਮਹੀਨਿਆਂ ਤੋਂ ਰਿੰਗ 'ਚ ਸਖ਼ਮ ਮਿਹਨਤ ਕਰ ਰਿਹਾ ਹਾਂ ਅਤੇ ਅਜੇ ਅਗਲੀ ਬਾਊਟ ਲਈ ਤਿੰਨ ਹਫ਼ਤੇ ਦਾ ਸਮਾਂ ਹੈ, ਇਸ ਲਈ ਲਗਾਤਾਰ ਤੀਸਰਾ ਖ਼ਿਤਾਬ ਜਿੱਤਣ ਦੀ ਉਮੀਦ ਰੱਖ ਰਿਹਾ ਹੈ।ਅਪਣੀ ਨਵੀਂ ਪ੍ਰਮੋਸ਼ਨਲ ਕੰਪਨੀ 'ਵਿਜੇਂਦਰ ਸਿੰਘ ਪ੍ਰੋਮੋਸ਼ੰਸ' ਦੇ ਲਾਂਚ ਦੇ ਐਲਾਨ ਕਰਦਿਆਂ ਉਸ ਨੇ ਕਿਹਾ ਕਿ ਕੰਪਨੀ ਨਵੇਂ ਖਿਡਾਰੀਆਂ ਨੂੰ ਉਤਸ਼ਾਹਤ ਕਰੇਗੀ ਅਤੇ ਉਨ੍ਹਾਂ ਨੂੰ ਮੌਕਾ ਪ੍ਰਦਾਨ ਕਰੇਗੀ।   (ਏਜੰਸੀ)