87 ਸਾਲਾ ਬਜ਼ੁਰਗ ਵੱਲੋਂ 8 ਸਾਲ ਦੀ ਬੱਚੀ ਦਾ ਬਲਾਤਕਾਰ, ਅਸੀਂ 'ਇਨਸਾਨ' ਕਦੋਂ ਬਣਾਂਗੇ ?

07 December, 2017

ਨਵੀਂ ਦਿੱਲੀ ਪੁਲਿਸ ਨੇ ਇੱਕ 87 ਸਾਲ ਦੇ ਬਜ਼ੁਰਗ ਨੂੰ ਇੱਕ 8 ਸਾਲ ਦੀ ਲੜਕੀ ਦੇ ਬਲਾਤਕਾਰ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਤਨ ਸਿੰਘ ਵਜੋਂ ਹੋਈ ਹੈ ਅਤੇ ਲਾਮਪੁਰ ਪਿੰਡ ਵਿੱਚ ਵਾਪਰੀ ਇਸ ਘਟਨਾ ਬਾਰੇ ਪੁਲਿਸ ਥਾਣਾ ਨਰੇਲ ਨੂੰ ਪੀ.ਸੀ.ਆਰ. ਕਾਲ ਪ੍ਰਾਪਤ ਹੋਈ ਸੀ।

ਰਤਨ ਨਾਬਾਲਿਗਾ ਨੂੰ ਮੱਝਾਂ ਨਾਲ ਭਰੇ ਇੱਕ ਵਾੜੇ ਵਿੱਚ ਲੈ ਗਿਆ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸਨੂੰ ਕਿਸੇ ਔਰਤ ਨੇ ਦੇਖਿਆ ਅਤੇ ਆਸ-ਪਾਸ ਤੋਂ ਮਦਦ ਲਈ ਆਵਾਜ਼ ਲਗਾਈ। ਲੋਕ ਇਕੱਠੇ ਹੋਏ ਪਰ ਦੋਸ਼ੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਦੋਸ਼ੀ ਨੂੰ ਕਾਬੂ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਅਤੇ ਬੁੱਧਵਾਰ ਨੂੰ ਰਤਨ ਨੂੰ ਗ੍ਰਿਫਤਾਰ ਕਰ ਲਿਆ ਗਿਆ।  


ਨਾਬਾਲਿਗ ਲੜਕੀਆਂ ਨਾਲ ਅਜਿਹੀਆਂ ਸ਼ਰਮਨਾਕ ਘਟਨਾਵਾਂ ਕੋਈ ਨਵੀਆਂ ਨਹੀਂ। ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਬਲਾਤਕਾਰ ਅਤੇ ਛੇੜਖਾਨੀ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਮੱਥੇ 'ਤੇ ਰੋਜ਼ ਨਵਾਂ ਕਲੰਕ ਲਗਾ ਦਿੰਦੀ ਹੈ ਪਰ ਸਾਡੀਆਂ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਜ਼ਿਆਦਾਤਰ ਬਾਲੜੀਆਂ ਨੂੰ ਬਚਾਉਣ ਵਿੱਚ ਅਸਫਲ ਹੋ ਜਾਂਦੀਆਂ ਹਨ ਜਾ ਕਹਿ ਲਈਏ ਕਿ 'ਲੇਟ' ਹੋ ਜਾਂਦੀਆਂ ਹਨ।  


ਪਰ ਇਸ ਨਾਲ ਅਸੀਂ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਜੇਕਰ ਸਾਡਾ ਕਾਨੂੰਨ ਕਮਜ਼ੋਰ ਸਾਬਿਤ ਹੁੰਦਾ ਹੈ ਤਾਂ ਅਜਿਹੇ ਲੋਕਾਂ ਦੀ ਹਿੰਮਤ ਪੈਂਦੀ ਹੈ। ਕਾਨੂੰਨੀ ਮਾਹਿਰਾਂ ਨੂੰ ਮੰਨਣਾ ਪਵੇਗਾ ਕਿ ਜੇਕਰ ਸ਼ੁਰੂਆਤੀ ਸਮੇਂ ਤੋਂ ਹੀ ਸਾਡਾ ਕਾਨੂੰਨ ਇਹਨਾਂ ਗ਼ੈਰਮਨੁੱਖੀ ਕਾਰੇ ਕਰਨ ਵਾਲਿਆਂ ਨੂੰ ਠੋਸ ਸਜ਼ਾ ਦਿੰਦਾ ਤਾਂ ਸ਼ਾਇਦ ਅੱਜ ਹਾਲਾਤ ਕੁਝ ਹੋਰ ਹੁੰਦੇ।